ਸਰਕਾਰ ਹੁਣ ਵਪਾਰੀਆਂ ਤੋਂ ਵੀ ਲਵੇਗੀ ਸੁਝਾਅ, ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਵਟ੍ਹਸਐਪ ਨੰਬਰ ਤੇ Email ਜਾਰੀ 

ਏਜੰਸੀ

ਖ਼ਬਰਾਂ, ਪੰਜਾਬ

ਵਪਾਰੀ ਸੁਝਾਅ ਦੇਣ ਲਈ 81948-91948 ’ਤੇ ਵਟਸਐਪ ਅਤੇ punjabconsultation@gmail.com ਈ-ਮੇਲ ਕਰ ਸਕਦੇ ਹਨ। 

CM Bhagwant Mann

ਚੰਡੀਗੜ੍ਹ : ਮਾਨ ਸਰਕਾਰ ਵੱਲੋਂ ਸੂਬੇ ਵਿਚ ਉਦਯੋਗ ਨੂੰ ਉਤਸ਼ਾਹਤ ਕਰਨ ਲਈ ਉਦਯੋਗਪਤੀਆਂ ਤੋਂ ਸੁਝਾਅ ਮੰਗੇ ਗਏ ਹਨ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲਾਈਵ ਹੋ ਕੇ ਇਕ ਵਟ੍ਹਸਐਪ ਨੰਬਰ ਅਤੇ ਈ-ਮੇਲ ਆਈ. ਡੀ. ਵੀ ਜਾਰੀ ਕੀਤੀ ਹੈ।  ਲਾਈਵ ਹੋ ਕੇ ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸੁਝਾਵਾਂ ਦੇ ਹਿਸਾਬ ਨਾਲ ਹੀ ਪਾਲਿਸੀਆਂ ਬਣਾਈਆਂ ਜਾਣਗੀਆਂ, ਜਿਸ ਨਾਲ ਪੰਜਾਬ ਵਿਚ ਉਦਯੋਗ ਦੇ ਰਸਤੇ ਖੁੱਲ੍ਹਣਗੇ ਤੇ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਧੀਆ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਹਨਾਂ ਦੀ ਸਰਕਾਰ ਨੇ ਬਿਜਲੀ, ਆਮ ਆਦਮੀ ਕਲੀਨਿਕ ਅਤੇ ਨਹਿਰੀ ਪਾਣੀਆਂ ਲਈ ਵੀ ਲੋਕਾਂ ਤੋਂ ਸੁਝਾਅ ਮੰਗੇ ਸਨ। ਜਿਨ੍ਹਾਂ ਦੇ ਬਿਹਤਰੀਨ ਸਿੱਟੇ ਨਿਕਲੇ ਅਤੇ ਵਧੀਆ ਸੁਝਾਅ ਆਏ। ਉਨ੍ਹਾਂ ਸੁਝਾਵਾਂ ਮੁਤਾਬਕ ਹੀ ਅੱਜ ਫ਼ੈਸਲੇ ਲਾਗੂ ਕੀਤੇ ਗਏ ਹਨ, ਜਿਸ ਸਦਕਾ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ, ਆਮ ਆਦਮੀ ਕਲੀਨਿਕਾਂ ਵਿਚ ਹਜ਼ਾਰਾਂ ਲੋਕ ਇਲਾਜ ਕਰਵਾ ਚੁੱਕੇ ਹਨ, ਜਦਕਿ 35-40 ਸਾਲ ਬਾਅਦ ਨਹਿਰਾਂ ਦਾ ਪਾਣੀ ਲੋਕਾਂ ਦੇ ਖੇਤਾਂ ਤੱਕ ਪਹੁੰਚਿਆ ਹੈ। 

ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਹੋਰ ਨਵੀਂ ਪਹਿਲ ਲੈ ਕੇ ਆ ਰਹੀ ਹੈ, ਜਿਸ ਸਦਕਾ ਉਦਯੋਗਪਤੀਆਂ ਨੂੰ ਪੰਜਾਬ ਲਿਆਂਦਾ ਜਾਵੇਗਾ। ਉਨ੍ਹਾਂ ਨੂੰ ਫੈਕਟਰੀਆਂ ਚਲਾਉਣ ਲਈ ਚੰਗਾ ਮਾਹੌਲ ਦਿੱਤਾ ਜਾਵੇਗਾ। ਜਦੋਂ ਵਪਾਰ ਵਧੇਗਾ ਤਾਂ ਰੈਵੇਨਿਊ ਵਿਚ ਵੀ ਵਾਧਾ ਹੋਵੇਗਾ ਜਿਸ ਨਾਲ ਪੰਜਾਬ ਦਾ ਵਿਕਾਸ ਹੋਵੇਗਾ। ਵਪਾਰੀ ਸਾਨੂੰ ਸਿੱਧੇ ਸੁਝਾਅ ਦੇਣ, ਉਨ੍ਹਾਂ ਸੁਝਾਵਾਂ ਮੁਤਾਬਕ ਹੀ ਪਾਲਿਸੀਆਂ ਬਣਾਈਆਂ ਜਾਣਗੀਆ। ਵਪਾਰੀ ਸੁਝਾਅ ਦੇਣ ਲਈ 81948-91948 ’ਤੇ ਵਟਸਐਪ ਅਤੇ punjabconsultation@gmail.com ਈ-ਮੇਲ ਕਰ ਸਕਦੇ ਹਨ।