ਪੰਜਾਬ ਅਤੇ ਹਰਿਆਣਾ ’ਚ ਭਾਰੀ ਮੀਂਹ, ਤਾਪਮਾਨ ਆਮ ਤੋਂ ਕਈ ਡਿਗਰੀ ਹੇਠਾਂ ਡਿੱਗਾ

ਏਜੰਸੀ

ਖ਼ਬਰਾਂ, ਪੰਜਾਬ

ਐਤਵਾਰ ਨੂੰ ਦੋਹਾਂ ਸੂਬਿਆਂ ’ਚ ਜ਼ਿਆਦਾਤਰ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ

Heavy rains in Punjab and Haryana, temperature dropped several degrees below normal

 

ਚੰਡੀਗੜ੍ਹ: ਸਨਿੱਚਰਵਾਰ ਨੂੰ ਹਰਿਆਣਾ ਅਤੇ ਪੰਜਾਬ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਪਿਆ ਅਤੇ ਦੋਹਾਂ ਸੂਬਿਆਂ ਵਿਚ ਪਾਰਾ ਆਮ ਸੀਮਾ ਤੋਂ ਹੇਠਾਂ ਚਲਾ ਗਿਆ ਸੀ। ਮੌਸਮ ਵਿਭਾਗ ਅਨੁਸਾਰ, ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਦਿਨ ਭਰ ਮੀਂਹ ਪਿਆ ਅਤੇ ਵੱਧ ਤੋਂ ਵੱਧ ਤਾਪਮਾਨ 26.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਹਰਿਆਣਾ ਵਿਚ ਯਮੁਨਾਨਗਰ ਵਿਚ 80 ਮਿਲੀਮੀਟਰ, ਅੰਬਾਲਾ ਵਿਚ 70 ਮਿਲੀਮੀਟਰ, ਸਿਰਸਾ ਵਿਚ 50 ਮਿਲੀਮੀਟਰ, ਕਰਨਾਲ ਵਿਚ 40 ਮਿਲੀਮੀਟਰ, ਕੁਰੂਕਸ਼ੇਤਰ ਵਿਚ 30.5 ਮਿਲੀਮੀਟਰ, ਮਹਿੰਦਰਗੜ੍ਹ ਵਿਚ 24 ਮਿਲੀਮੀਟਰ ਅਤੇ ਰੋਹਤਕ ਵਿਚ 12 ਮਿਲੀਮੀਟਰ ਮੀਂਹ ਪਿਆ। ਅੰਬਾਲਾ ਦਾ ਵੱਧ ਤੋਂ ਵੱਧ ਤਾਪਮਾਨ 25.8 ਡਿਗਰੀ ਸੈਲਸੀਅਸ ਰਿਹਾ, ਜਦਕਿ ਕਰਨਾਲ ਦਾ ਵੱਧ ਤੋਂ ਵੱਧ ਤਾਪਮਾਨ 27.4 ਡਿਗਰੀ ਸੈਲਸੀਅਸ ਅਤੇ ਹਿਸਾਰ ਦਾ 32.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪੰਜਾਬ ਵਿਚ ਅੰਮ੍ਰਿਤਸਰ ਵਿਚ 20 ਮਿਲੀਮੀਟਰ, ਲੁਧਿਆਣਾ ਵਿਚ 34 ਮਿਲੀਮੀਟਰ, ਪਟਿਆਲਾ ਵਿਚ 10 ਮਿਲੀਮੀਟਰ, ਪਠਾਨਕੋਟ ਵਿਚ 46 ਮਿਲੀਮੀਟਰ, ਫਿਰੋਜ਼ਪੁਰ ਵਿਚ 108 ਮਿਲੀਮੀਟਰ, ਗੁਰਦਾਸਪੁਰ ਵਿਚ 38.5 ਮਿਲੀਮੀਟਰ ਅਤੇ ਰੂਪਨਗਰ ਵਿਚ 39.5 ਮਿਲੀਮੀਟਰ ਮੀਂਹ ਪਿਆ।

ਗੁਰਦਾਸਪੁਰ ਅਤੇ ਪਟਿਆਲਾ ਵਿਚ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਲੁਧਿਆਣਾ ਵਿਚ 29.1 ਡਿਗਰੀ ਅਤੇ ਅੰਮ੍ਰਿਤਸਰ ਵਿਚ 26.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ ਅੱਜ ਦੇਰ ਸ਼ਾਮ ਤਕ ਹਰਿਆਣਾ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਐਤਵਾਰ ਨੂੰ ਦੋਹਾਂ ਸੂਬਿਆਂ ’ਚ ਜ਼ਿਆਦਾਤਰ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।