ਲੁਧਿਆਣਾ: 3 ਦਿਨਾਂ ਤੋਂ ਲਾਪਤਾ 14 ਸਾਲਾ ਲੜਕੇ ਦੀ ਛੱਪੜ 'ਚੋਂ ਮਿਲੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੀਂਹ ਵਿਚ ਨਹਾਉਣ ਦੀ ਜ਼ਿੱਦ ਕਰਕੇ ਘਰੋਂ ਨਿਕਲਿਆ ਸੀ ਬੱਚਾ

photo

 

ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਦੇ ਭਾਮੀਆਂ ਖੁਰਦ ਇਲਾਕੇ ਵਿਚ ਇੱਕ 14 ਸਾਲਾ ਲੜਕੇ ਦੀ ਛੱਪੜ ਵਿੱਚੋਂ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਗੁਰਬੀਰ ਸਿੰਘ ਵਜੋਂ ਹੋਈ ਹੈ। ਗੁਰਬੀਰ 3 ਦਿਨਾਂ ਤੋਂ ਲਾਪਤਾ ਸੀ। ਸਕੂਲ ਤੋਂ ਘਰ ਆ ਕੇ ਉਹ ਮੀਂਹ ਵਿਚ ਨਹਾਉਣ ਦੀ ਜ਼ਿੱਦ ਕਰਕੇ ਘਰੋਂ ਨਿਕਲਿਆ ਸੀ।

ਇਹ ਵੀ ਪੜ੍ਹੋ: ਸੋਨੀਪਤ 'ਚ ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਲਗਾਇਆ ਝੋਨਾ ਤੇ ਚਲਾਇਆ ਟਰੈਕਟਰ 

ਜਦੋਂ ਉਹ ਸਾਰਾ ਦਿਨ ਵਾਪਸ ਨਾ ਆਇਆ ਤਾਂ ਪ੍ਰਵਾਰਕ ਮੈਂਬਰਾਂ ਨੇ ਉਸ ਦੀ ਭਾਲ ਕੀਤੀ, ਜਦੋਂ ਗੁਰਬੀਰ ਨਾ ਮਿਲਿਆ ਤਾਂ ਅਗਲੇ ਦਿਨ ਥਾਣਾ ਜਮਾਲਪੁਰ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਗੁਰਬੀਰ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ। ਦੇਰ ਸ਼ਾਮ ਪਿੰਡ ਦੇ ਛੱਪੜ ਵਿੱਚ ਪਾਣੀ ਦੀ ਡੂੰਘਾਈ ਘੱਟ ਹੋਣ ’ਤੇ ਲੋਕਾਂ ਨੇ ਇਕ ਲਾਸ਼ ਦੇਖੀ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਨੇ ਆਸਪਾਸ ਦੇ ਇਲਾਕਿਆਂ 'ਚ ਸੂਚਨਾ ਦਿਤੀ। ਇਸ ਦੇ ਨਾਲ ਹੀ ਗੁਰਬੀਰ ਦੇ ਪਰਿਵਾਰ ਨਾਲ ਵੀ ਸੰਪਰਕ ਕੀਤਾ ਗਿਆ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਦੀ ਸ਼ਨਾਖਤ ਕੀਤੀ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਆਪਸੀ ਤਕਰਾਰ ਦੇ ਚੱਲਦਿਆਂ 20 ਸਾਲਾ ਨੌਜਵਾਨ ਦਾ ਕਤਲ 

ਸੰਭਾਵਨਾ ਜਤਾਈ ਜਾ ਰਹੀ ਹੈ ਕਿ ਗੁਰਬੀਰ ਪੈਰ ਫਿਸਲਣ ਕਾਰਨ ਪਾਣੀ ਵਿਚ ਡਿੱਗ ਕੇ ਡੁੱਬ ਗਿਆ ਹੋਵੇਗਾ  ਪਰ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾਇਆ ਹੈ। ਲਾਸ਼ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ। ਪਾਣੀ ਵਿਚ ਡੁੱਬਣ ਕਾਰਨ ਲਾਸ਼ ਫੁੱਲ ਗਈ ਹੈ। ਅੱਜ ਲਾਸ਼ ਵਾਰਸਾਂ ਨੂੰ ਸੌਂਪ ਦਿਤੀ ਜਾਵੇਗੀ।