ਲੁਧਿਆਣਾ ’ਚ ਤੀਹਰੇ ਕਤਲ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ ਦਾ ਗਠਨ ਕੀਤਾ ਜਾਵੇ : ਰਵਨੀਤ ਬਿੱਟੂ
ਕਿਹਾ, ਇਕੱਲੇ ਰਹਿ ਰਹੇ ਬਜ਼ੁਰਗਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਕਦਮ ਚੁਕੇ
ਲੁਧਿਆਣਾ, 7 ਜੁਲਾਈ (ਰਮਨਦੀਪ ਕੌਰ ਸੈਣੀ): ਲੁਧਿਆਣਾ ’ਚ ਸਨਸਨੀਖੇਜ਼ ਤੀਹਰੇ ਕਤਲ ਕੇਸ ’ਤੋਂ ਬਾਅਦ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਇਸ ਮਾਮਲੇ ’ਚ ਐਸ.ਆਈ.ਟੀ. ਕਾਇਮ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਕੇਸ ਨੂੰ 24 ਘੰਟਿਆਂ ’ਚ ਹੱਲ ਕਰਨ ਦਾ ਦਾਅਵਾ ਕੀਤਾ ਗਿਆ ਹੈ ਪਰ ਉਨ੍ਹਾਂ ਵਲੋਂ ਦਿਤੇ ਬਿਆਨ ’ਚ ਕਈ ਕਮੀਆਂ ਹਨ। ਅੱਜ ਪੁਲਿਸ ਨੇ 24 ਘੰਟਿਆਂ ਅੰਦਰ ਇਸ ਤੀਹਰੇ ਕਤਲ ਕਾਂਡ ਦਾ ਕੇਸ ਹੱਲ ਕਰਨ ਦਾ ਦਾਅਵਾ ਕਰਦਿਆਂ ਕਿਹਾ ਸੀ ਕਿ 95 ਸਾਲ ਦੀ ਔਰਤ ਅਤੇ ਉਨ੍ਹਾਂ ਦੇ 70-75 ਵਰਿ੍ਹਆਂ ਦੇ ਨੂੰਹ-ਪੁੱਤਰ ਦਾ ਉਨ੍ਹਾਂ ਦੇ ਇਕ ਗੁਆਂਢੀ ਨੇ ਬੇਰਹਿਮੀ ਨਾਲ ਕਤਲ ਕਰ ਦਿਤਾ ਸੀ।
ਰਵਨੀਤ ਬਿੱਟੂ ਨੇ ਕਿਹਾ, ‘‘ਮ੍ਰਿਤਕ ਪ੍ਰਵਾਰ ਕਿੰਨਾ ਚੰਗਾ ਸੀ ਇਸ ਦੀ ਗਵਾਹੀ ਮੁਹੱਲਾ ਵਾਸੀ ਭਰ ਰਹੇ ਹਨ ਅਤੇ ਮੁਲਜ਼ਮ ਵਲੋਂ ਸਿਰਫ਼ ਮਿ੍ਰਤਕਾਂ ਵਲੋਂ ਕੁਝ ਕਹਿਣ ’ਤੇ ਗੁੱਸੇ ’ਚ ਆ ਕੇ ਉਨ੍ਹਾਂ ਦਾ ਕਤਲ ਕਰਨ ਦੇਣ ਦਾ ਤਰਕ ਸੱਚਾ ਨਹੀਂ ਲਗਦਾ।’’ ਉਨ੍ਹਾਂ ਅੱਗੇ ਕਿਹਾ, ‘‘ਮਿ੍ਰਤਕਾਂ ਦੀਆਂ ਲਾਸ਼ਾਂ ਦੇ ਦੁਆਲੇ ਪੇਚਕਸ, ਹਥੌੜੇ ਪਏ ਸਨ ਜਿਸ ਨਾਲ ਉਨ੍ਹਾਂ ਨੂੰ ਵਿੰਨਿ੍ਹਆ ਹੋਇਆ ਸੀ। ਇਸ ਤੀਹਰੇ ਕਤਲ ਨੂੰ ਕੋਈ ਇਕ ਜਣਾ ਵੀ ਅੰਜਾਮ ਨਹੀਂ ਦੇ ਸਕਦਾ। ਜਿਸ ਵੇਲੇ ਉਨ੍ਹਾਂ ਦਾ ਕਤਲ ਹੋਇਆ ਉਸ ਸਵੇਰ ਦਾ ਸਮਾਂ ਸੀ ਜਦੋਂ ਸੂਰਜ ਚੜ੍ਹ ਚੁਕਾ ਸੀ। ਇਸ ਕਾਰਨ ਸਿਰਫ਼ ਇਕ ਵਿਅਕਤੀ ਵਲੋਂ ਤੀਹਰੇ ਕਤਲ ਨੂੰ ਅੰਜਾਮ ਦੇਣ ਦਾ ਤਰਕ ਸ਼ੱਕੀ ਜਾਪਦਾ ਹੈ। ਇਸ ਮਾਮਲੇ ਦੀ ਜਾਂਚ ਸਬੰਧੀ ਐਸ.ਆਈ.ਟੀ ਦਾ ਗਠਨ ਕਰਨਾ ਚਾਹੀਦਾ ਹੈ।’’
ਉਨ੍ਹਾਂ ਕਿਹਾ ਕਿ ਇਸ ਤੀਹਰੇ ਕਤਲ ਨੇ ਸਥਾਨਕ ਲੋਕਾਂ ਅੰਦਰ ਗੁੱਸਾ ਤੇ ਨਫ਼ਰਤ ਭਰ ਦਿਤੀ ਹੈ। ਕਥਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਦੀ ਪਤਨੀ ਘਰ ’ਚ ਇਕੱਲੀ ਹੈ, ਕਿਉਂਕਿ ਉਨ੍ਹਾਂ ਦੀ ਕੋਈ ਸੰਤਾਨ ਨਹੀਂ ਸੀ। ਉਨ੍ਹਾਂ ਕਿਹਾ, ‘‘ਮ੍ਰਿਤਕਾਂ ਦੇ ਬੱਚੇ ਵਿਦੇਸ਼ਾਂ ’ਚ ਰਹਿ ਰਹੇ ਹਨ ਅਤੇ ਵਾਪਸ ਆਉਣ ’ਤੇ ਉਨ੍ਹਾਂ ਵਲੋਂ ਗੁੱਸੇ ’ਚ ਜੇਕਰ ਮੁਲਜ਼ਮ ਦੀ ਪਤਨੀ ਵਿਰੁਧ ਕੁਝ ਗ਼ਲਤ ਕਦਮ ਚੁਕ ਲਿਆ ਜਾਂਦਾ ਹੈ ਤਾਂ ਇਸ ਬਾਰੇ ਵੀ ਪੁਲਿਸ ਨੇ ਔਰਤ ਦੀ ਸੁਰਖਿਆ ਲਈ ਢੁਕਵੇਂ ਪ੍ਰਬੰਧ ਨਹੀਂ ਕੀਤੇ ਹੋਏ ਹਨ।’’
ਉਨ੍ਹਾਂ ਸਰਕਾਰ ਨੂੰ ਮੰਗ ਕੀਤੀ ਕਿ ਜਿਨ੍ਹਾਂ ਬਜ਼ੁਰਗਾਂ ਦੇ ਬੱਚੇ ਵਿਦੇਸ਼ਾਂ ’ਚ ਰਹਿੰਦੇ ਹਨ ਉਨ੍ਹਾਂ ਬਜ਼ੁਰਗਾਂ ਦੇ ਪ੍ਰਵਾਰਾਂ ਦਾ ਸਰਕਾਰ ਨੂੰ ਵੇਰਵਾ ਰਖਣਾ ਚਾਹੀਦਾ ਹੈ ਤੇ ਪੁਲਿਸ ਵਲੋਂ ਨਿਰੰਤਰ ਉਨ੍ਹਾਂ ਦੇ ਘਰਾਂ ਵਾਲੇ ਇਲਾਕਿਆਂ ਦੀ ਗਸ਼ਤ ਕਰ ਕੇ ਉਨ੍ਹਾਂ ਦੀ ਸੁਰਖਿਆ ਯਕੀਨੀ ਬਣਾਉਣੀ ਚਾਹੀਦੀ ਹੈ।
ਉਨ੍ਹਾਂ ਪੰਜਾਬ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ, ‘‘ਪੰਜਾਬ ਵਿਚ ਅਜਿਹੇ ਅਫ਼ਸਰ ਲਗਾਏ ਹੋਏ ਹਨ ਜਿਨ੍ਹਾਂ ਨੂੰ ਪੰਜਾਬ ਬਾਰੇ ਕੋਈ ਜਾਣਕਾਰੀ ਨਹੀਂ ਹੈ। ਲਾਰੈਂਸ ਤੇ ਜੱਗੂ ਵਰਗੇ ਗੈਂਗਸਟਰਾਂ ਦੇ ਮਗਰ 10-10 ਐਸ.ਪੀ ਤੇ ਡੀ.ਐਸ.ਪੀ. ਲਗਾਏ ਹੋਏ ਹਨ ਪਰ ਲੁਧਿਆਣਾ ’ਚ ਪੈਟਰੋਲਿੰਗ ਲਈ ਕੋਈ ਮੁਲਾਜ਼ਮ ਨਹੀਂ ਲਗਾਇਆ ਗਿਆ।’’
ਉਨ੍ਹਾਂ ਕਿਹਾ ਕਿ ਲੁਧਿਆਣੇ ’ਚ ਕਤਲ ਅਤੇ ਡਾਕਿਆਂ ਦੀਆਂ ਵਾਰਦਾਤਾਂ ਦਿਨ-ਬ-ਦਿਨ ਵਧਦੀਆਂ ਹੀ ਜਾ ਰਹੀਆਂ ਹਨ ਅਤੇ ਪੰਜਾਬ ਸਰਕਾਰ ਨੂੰ ਪਹਿਲ ਦੇ ਅਧਾਰ ’ਤੇ ਇਨ੍ਹਾਂ ਤੇ ਨੱਥ ਪਾਉਣੀ ਚਾਹੀਦੀ ਹੈ। ਹੁਣ ਤਕ ਲੁਧਿਆਣਾ ’ਚ ਖੇਤਾਂ ’ਚੋਂ ਲਾਸ਼ ਮਿਲਣਾ, ਕਰੋੜਾਂ ਰੁਪਏ ਦੀ ਡਕੈਤੀ ਤੇ ਹੋਰ ਕਈ ਵੱਡੇ-ਵੱਡੇ ਮਾਮਲੇ ਸਾਹਮਣੇ ਆ ਚੁੱਕੇ ਹਨ।