ਦਾਦਾ-ਦਾਦੀ ਹੱਥੋਂ 8 ਮਹੀਨਿਆਂ ਦਾ ਪੋਤਾ ਖੋਹ ਕੇ ਫਰਾਰ ਹੋਏ ਬਾਈਕ ਸਵਾਰ
ਪੁਲਿਸ ਨੇ ਅਗਵਾਕਾਰਾਂ ਦੀ ਜਾਰੀ ਕੀਤੀ ਤਸਵੀਰ
ਪੱਟੀ- ਥਾਣਾ ਸਿਟੀ ਪੱਟੀ ਅਧੀਨ ਪੈਂਦੀ ਚੌਕੀ ਕੈਰੋਂ ਦੇ ਬਾਹਰਵਾਰ ਸ਼ੁੱਕਰਵਾਰ ਸ਼ਾਮ ਕਰੀਬ 4 ਵਜੇ ਮੋਟਰਸਾਈਕਲ ਸਵਾਰ ਦੋ ਵਿਅਕਤੀ ਬਜ਼ੁਰਗ ਜੋੜੇ ਕੋਲੋਂ ਉਨ੍ਹਾਂ ਦਾ 8-9 ਮਹੀਨਿਆਂ ਦਾ ਪੋਤਾ ਖੋਹ ਕੇ ਫਰਾਰ ਹੋ ਗਏ ਹਨ।
ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੈਰੋਂ ਅਪਣੀ ਪਤਨੀ ਹਰਮੀਤ ਕੌਰ ਸਮੇਤ 8 ਮਹੀਨੇ ਦੇ ਪੋਤਰੇ ਕਰਨਪਾਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨਾਲ ਸ਼ਾਮ ਕਰੀਬ 4 ਵਜੇ ਉਬੋਕੇ ਵਲੋਂ ਕੈਰੋਂ ਨੂੰ ਆ ਰਿਹਾ ਸੀ। ਜਦੋਂ ਉਹ ਪਿੰਡ ਕੈਰੋਂ ਦੇ ਬਾਹਰਵਾਰ ਪੁੱਜੇ ਤਾਂ ਪਿੱਛੋਂ ਆ ਰਹੇ ਦੋ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਹੱਥੋਂ ਕਰਨਪਾਲ ਨੂੰ ਖੋਹ ਲਿਆ ਤੇ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਪੀ. ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ, ਥਾਣਾ ਸਿਟੀ ਪੱਟੀ ਦੇ ਮੁਖੀ ਹਰਪ੍ਰੀਤ ਸਿੰਘ ਤੇ ਪੁਲਿਸ ਚੌਕੀ ਕੈਰੋਂ ਦੇ ਇੰਚਾਰਜ ਐਸ.ਆਈ. ਨਰੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਗਏ। ਐਸ.ਪੀ. ਵਿਸ਼ਾਲਜੀਤ ਨੇ ਕਿਹਾ ਕਿ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਤੇ ਜਲਦ ਹੀ ਬੱਚੇ ਨੂੰ ਅਗਵਾ ਕਰਨ ਵਾਲਿਆਂ ਦਾ ਪਤਾ ਲਗਾ ਲਿਆ ਜਾਵੇਗਾ।