ਬੀਬੀ ਪਰਮਜੀਤ ਕੌਰ ਖਾਲੜਾ ਨਹੀਂ ਲੜਨਗੇ ਕੋਈ ਵੀ ਚੋਣ : ਖਾਲੜਾ ਮਿਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਇੰਦਰਾਂ ਗਾਂਧੀ ਨੇ ਫੌਜੀ ਹਮਲਾ ਬ੍ਰਿਟੇਨ ਨਾਲ ਨਹੀਂ ਸਗੋਂ ਆਰ.ਐਸ.ਐਸ., ਭਾਜਪਾ, ਬਾਦਲਕਿਆਂ, ਕਾਮਰੇਡਾਂ ਨਾਲ ਵੀ ਰਲ ਕੇ ਕੀਤਾ :  ਖਾਲੜਾ ਮਿਸ਼ਨ 

ਬੀਬੀ ਪਰਮਜੀਤ ਕੌਰ ਖਾਲੜਾ

ਚੰਡੀਗੜ੍ਹ : ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਇਕ ਅਹਿਮ ਇਕੱਤਰਤਾ ਤੋਂ ਬਾਅਦ ਖਾਲੜਾ ਮਿਸ਼ਨ ਨੇ ਕਿਹਾ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਆ ਰਹੀ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਹੀ ਨਹੀਂ ਸਗੋਂ ਕੋਈ ਵੀ ਚੋਣ ਨਹੀਂ ਲੜਨਗੇ। ਜਥੇਬੰਦੀ ਨੇ ਕਿਹਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਪਾਰਲੀਮੈਂਟ ਹਲਕੇ ਦੀ ਚੋਣ ਦੁਸ਼ਟਾਂ ਪਾਪੀਆਂ ਨੂੰ ਨੰਗਿਆਂ ਕਰਨ ਲਈ ਲੜੀ ਸੀ, ਪੰਜਾਬ ਦੇ ਭਲੇ ਲਈ ਲੜੀ ਸੀ, ਜਿਸ ਵਿੱਚ ਸਿੱਖ ਪੰਥ ਨੇ ਲਾਮਿਸਾਲ ਸਹਿਯੋਗ ਦਿੱਤਾ।

ਉਨ੍ਹਾਂ ਕਿਹਾ ਕਿ ਚੋਣਾਂ ਲੜਨਾ ਪੇਸ਼ਾ ਨਹੀਂ ਹੈ ਸਿਰਫ ਵਿਸ਼ੇਸ਼ ਹਾਲਤ ਵਿੱਚ ਚੋਣ ਲੜਨ ਦਾ ਫੈਸਲਾ ਲਿਆ ਸੀ। ਜਥੇਬੰਦੀ ਨੇ ਅੱਗੇ ਕਿਹਾ ਕਿ ਉਹ ਸਮੁੱਚੇ ਪੰਥ ਤੇ ਪੰਜਾਬ ਦਾ ਅੱਜ ਤੱਕ ਸਹਿਯੋਗ ਦੇਣ ਲਈ ਧੰਨਵਾਦ ਕਰਦੇ ਹਨ ਅਤੇ ਜ਼ਬਰ ਤੇ ਜ਼ੁਲਮ ਖਿਲਾਫ ਆਪਣਾ ਨਿਮਾਣਾ ਯੋਗਦਾਨ ਪਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਐਮ.ਪੀ. ਨਿਸ਼ੀਕਾਂਤ ਦੂਬੇ ਬਿਆਨ ਦੇ ਰਹੇ ਹਨ ਕਿ ਇੰਦਰਾਂ ਗਾਂਧੀ ਨੇ ਬ੍ਰਿਟੇਨ ਦੇ ਸਹਿਯੋਗ ਨਾਲ ਸ਼੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕੀਤਾ ਸੀ। ਜਦ ਕਿ ਸੱਚਾਈ ਇਹ ਹੈ ਕਿ ਇੰਦਰਾਂ ਨੇ ਭਾਜਪਾ, ਆਰ.ਐਸ.ਐਸ. ਨਾਲ ਗਠਜੋੜ ਕਰਕੇ ਬਾਦਲਕਿਆਂ, ਕਾਮਰੇਡਾਂ ਨਾਲ ਸਾਂਝੀ ਯੋਜਨਾਬੰਦੀ ਕਰਕੇ ਸ਼੍ਰੀ ਦਰਬਾਰ ਸਾਹਿਬ 'ਤੇ ਫੌਜਾਂ ਚੜ੍ਹਾਈਆਂ ਸਨ। ਇਸ ਕਰਕੇ ਆਰ.ਐਸ.ਐਸ., ਭਾਜਪਾ, ਕਾਮਰੇਡਾਂ ਨੇ ਮਤੇ ਪਾਸ ਕਰਕੇ ਫੌਜੀ ਹਮਲੇ ਦੀ ਹਮਾਇਤ ਕੀਤੀ, ਨਾਗਪੁਰਵਾਲਿਆਂ ਨੇ ਤਾਂ ਫੌਜੀ ਹਮਲੇ ਤੋਂ ਬਾਅਦ ਲੱਡੂ ਵੰਡੇ ਤੇ ਭੰਗੜੇ ਪਾਏ।

ਅੱਜ ਤੱਕ ਵੀ ਨਾਗਪੁਰ ਵਾਲੇ (ਆਰ.ਐਸ.ਐਸ. ਭਾਜਪਾ) ਫੌਜੀ ਹਮਲੇ ਦਾ ਸੱਚ ਬਾਹਰ ਨਹੀਂ ਲਿਆਉਣਾ ਚਾਹੁੰਦੇ। ਉਹ ਨਾ ਹੀ ਨਿਰਪੱਖ ਪੜ੍ਹਤਾਲ ਦੇ ਹੱਕ ਵਿੱਚ ਹਨ ਤੇ ਨਾ ਹੀ ਫੌਜੀ ਹਮਲੇ ਨਾਲ ਸਬੰਧਤ ਫਾਈਲਾਂ ਜਨਤਕ ਕਰਨੀਆਂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਨਾਗਪੁਰ ਵਾਲਿਆਂ ਨੂੰ ਚਾਹੀਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਫੌਜੀ ਹਮਲੇ ਦੀਆਂ ਫਾਈਲਾਂ ਜਨਤਕ ਕਰਨ।