550 ਸਾਲਾ ਸਮਾਗਮ ਲਈ ਸੁਲਤਾਨਪੁਰ ਲੋਧੀ 'ਚ 879 ਏਕੜ ਜ਼ਮੀਨ ਅਕਵਾਇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਲਤਾਨਪੁਰ ਲੋਧੀ ਵਿਖੇ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਵੱਡੇ ਪੱਧਰ 'ਤੇ ਤਿਆਰੀਆਂ ਚੱਲ ਰਹੀਆਂ ਹਨ।

Gurdwara Sri Ber Sahib

ਕਪੂਰਥਲਾ: ਸੁਲਤਾਨਪੁਰ ਲੋਧੀ ਵਿਖੇ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਵੱਡੇ ਪੱਧਰ 'ਤੇ ਤਿਆਰੀਆਂ ਚੱਲ ਰਹੀਆਂ ਹਨ ਕਿਉਂਕਿ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੇ ਨਾਲ-ਨਾਲ ਸੁਲਤਾਨਪੁਰ ਲੋਧੀ 'ਤੇ ਵੀ ਸਿੱਖਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਭਾਰਤ ਵਿਚਲਾ ਸਭ ਤੋਂ ਵੱਡਾ ਸਮਾਗਮ ਵੀ ਇਸੇ ਅਸਥਾਨ 'ਤੇ ਹੋਣਾ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਦੇਸ਼-ਵਿਦੇਸ਼ ਵਿਚੋਂ ਲੱਖਾਂ ਦੀ ਗਿਣਤੀ ਵਿਚ ਸੰਗਤ ਸੁਲਤਾਨਪੁਰ ਲੋਧੀ ਵਿਖੇ ਨਸਮਸਤਕ ਹੋਣ ਲਈ ਪੁੱਜੇਗੀ, ਜਿਸ ਨੂੰ ਦੇਖਦੇ ਹੋਏ ਕਰੀਬ ਚਾਰ ਮਹੀਨੇ ਪਹਿਲਾਂ ਹੀ ਟੈਂਟ ਸਿਟੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਦੇ ਤਿੰਨ ਪਾਸੇ ਵੱਖ-ਵੱਖ ਤਿੰਨ ਪਿੰਡਾਂ ਰਣਧੀਰਪੁਰ, ਬਹਿਬਲ ਬਹਾਦਰ ਤੇ ਮਾਛੀਜੋਆ ਦੀ 879 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਹੈ, ਜਿਸ ਵਿਚੋਂ ਕਰੀਬ 400 ਏਕੜ ਜ਼ਮੀਨ ਵਿਚ ਟੈਂਟ ਸਿਟੀ ਬਣਾਈ ਜਾ ਰਹੀ ਹੈ।

ਇਸ ਦੇ ਨਾਲ ਹੀ ਅਕਵਾਇਰ ਕੀਤੀ ਗਈ ਜ਼ਮੀਨ ਵਿਚ ਸੰਗਤ ਲਈ ਲੰਗਰ, ਪਾਰਕਿੰਗ, ਮੈਡੀਕਲ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਆਉਣ ਵਾਲੀ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਟੈਂਟ ਸਿਟੀ ਬਣਾਉਣ ਦਾ ਕੰਮ ਇੰਦੌਰ ਦੀ ਇਕ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ, ਜੋ ਇਸ ਤੋਂ ਪਹਿਲਾਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੋਏ ਸਮਾਗਮ ਦੌਰਾਨ ਵੀ ਟੈਂਟ ਸਿਟੀ ਲਗਾ ਚੁੱਕੀ ਹੈ, ਜਿਸ ਦੀ ਵਿਸ਼ਵ ਭਰ ਦੇ ਸਿੱਖਾਂ ਵੱਲੋਂ ਤਾਰੀਫ਼ ਕੀਤੀ ਗਈ ਸੀ।

ਇਸ ਤੋਂ ਇਲਾਵਾ ਬਾਬੇ ਨਾਨਕ ਨਾਲ ਸਬੰਧਤ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵੀ ਕਈ ਤਰ੍ਹਾਂ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਗੁਰਦੁਆਰਾ ਸਾਹਿਬ ਦੀਆਂ ਕਈ ਇਮਾਰਤਾਂ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹਨ। ਗੁਰਦੁਆਰਾ ਸਾਹਿਬ ਦੇ ਨੇੜਿਓਂ ਲੰਘਦੀ ਇਤਿਹਾਸਕ ਕਾਲੀ ਵੇਈਂ ਦੀ ਸੁੰਦਰਤਾ ਲਈ ਵੀ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ।

ਉਂਝ ਭਾਵੇਂ ਸਰਕਾਰ ਵੱਲੋਂ ਕੰਮਾਂ ਨੂੰ ਕਾਫ਼ੀ ਜੰਗੀ ਪੱਧਰ 'ਤੇ ਕਰਵਾਇਆ ਜਾ ਰਿਹਾ ਹੈ ਅਤੇ ਸਮੇਂ ਸਿਰ ਕੰਮ ਨੇਪਰੇ ਚਾੜ੍ਹਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸ਼ਹਿਰ ਵਿਚ ਬਕਾਇਆ ਪਏ ਕੰਮਾਂ ਨੂੰ ਦੇਖ ਕੇ ਸਰਕਾਰ ਦੇ ਦਾਅਵਿਆਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆਉਂਦਾ ਕਿਉਂਕਿ ਸ਼ਹਿਰ ਵਿਚ ਸਫ਼ਾਈ ਦਾ ਮੰਦਾ ਹਾਲ ਹੈ। ਸੜਕਾਂ ਟੁੱਟੀਆਂ ਹੋਈਆਂ ਹਨ ਤੇ ਬਿਜਲੀ ਦੀਆਂ ਤਾਰਾਂ ਦਾ ਜਾਲ ਫੈਲਿਆ ਹੋਇਆ ਹੈ।

ਕੁੱਝ ਲੋਕਾਂ ਵੱਲੋਂ ਇਹ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਸਰਕਾਰ ਨੇ ਟੈਂਟ ਸਿਟੀ ਲਈ ਜੋ ਪਿੰਡ ਰਣਧੀਰ ਪੁਰ ਵਿਖੇ ਅਕਵਾਇਰ ਕੀਤੀ ਹੈ, ਉਹ ਸੜਕੀ ਮਾਰਗ ਤੋਂ ਕਾਫ਼ੀ ਨੀਵੀਂ ਹੈ। ਅਜਿਹੇ ਵਿਚ ਜੇਕਰ ਸਮਾਗਮ ਦੌਰਾਨ ਬਾਰਿਸ਼ ਹੁੰਦੀ ਹੈ ਤਾਂ ਸੰਗਤਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦੇ ਲਈ ਸਰਕਾਰ ਨੂੰ ਹੁਣੇ ਤੋਂ ਪ੍ਰਬੰਧ ਕਰਨੇ ਚਾਹੀਦੇ ਹਨ। ਪਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਮੈਨੇਜਰ ਸਤਨਾਮ ਸਿੰਘ ਰਿਆੜ ਦਾ ਕਹਿਣਾ ਹੈ ਕਿ ਲੰਗਰ ਹਾਲ, ਪਾਰਕਿੰਗ ਸਮੇਤ ਬੇਬੇ ਨਾਨਕੀ ਨਿਵਾਸ ਲਗਭਗ ਮੁਕੰਮਲ ਹੋ ਗਏ ਹਨ ਅਤੇ ਬਾਕੀ ਰਹਿੰਦੇ ਕੰਮਾਂ ਨੂੰ ਵੀ ਸਮਾਗਮ ਤੋਂ ਪਹਿਲਾਂ-ਪਹਿਲਾਂ ਖ਼ਤਮ ਕਰ ਲਿਆ ਜਾਵੇਗਾ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਸ੍ਰੀ ਪਟਨਾ ਸਾਹਿਬ ਵਿਖੇ ਮਨਾਇਆ ਗਿਆ ਸੀ। ਗ਼ੈਰ ਸਿੱਖ ਸੂਬਾ ਅਤੇ ਗ਼ੈਰ ਸਿੱਖ ਮੁੱਖ ਮੰਤਰੀ ਹੋਣ ਦੇ ਬਾਵਜੂਦ ਪਟਨਾ ਸਾਹਿਬ ਵਿਚ ਪ੍ਰਬੰਧ ਕਾਫ਼ੀ ਵਧੀਆ ਕੀਤੇ ਹੋਏ ਸਨ, ਜਿਸ ਨੇ ਸਿੱਖ ਕੌਮ ਦਾ ਦਿਲ ਜਿੱਤ ਲਿਆ ਸੀ। ਇਸ ਦੇ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਕਾਫ਼ੀ ਤਾਰੀਫ਼ ਕੀਤੀ ਗਈ ਸੀ ਪਰ ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਬੇ ਨਾਨਕ ਦੇ ਇਸ ਇਸ ਵਿਸ਼ਾਲ ਸਮਾਗਮ ਜ਼ਰੀਏ ਸਿੱਖ ਕੌਮ ਦਾ ਦਿਲ ਜਿੱਤ ਸਕਣਗੇ ਜਾਂ ਨਹੀਂ।

ਕਪੂਰਥਲਾ ਤੋਂ ਕਸ਼ਮੀਰ ਸਿੰਘ ਭੰਡਾਲ ਦੀ ਰਿਪੋਰਟ