ਧੂੰਮਾ ਦੀ ਅਗਵਾਈ 'ਚ ਸਿੱਖਾਂ ਨੇ ਦੁੱਧ ਨਾਲ ਧੋਇਆ ਗੁਰਦੁਆਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਵਿਸ਼ਵ ਪੱਧਰ 'ਤੇ ਤਿਆਰੀਆਂ ਚੱਲ ਰਹੀਆਂ ਹਨ..

The Gurdwara washed away with milk

ਚੰਡੀਗੜ੍ਹ : ਸਿੱਖਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਵਿਸ਼ਵ ਪੱਧਰ 'ਤੇ ਤਿਆਰੀਆਂ ਚੱਲ ਰਹੀਆਂ ਹਨ ਤਾਂ ਜੋ ਬਾਬੇ ਨਾਨਕ ਦੇ ਸੰਦੇਸ਼ ਨੂੰ ਵਿਸ਼ਵ ਭਰ ਵਿਚ ਫੈਲਾਇਆ ਜਾ ਸਕੇ ਪਰ ਇਸ ਦੌਰਾਨ ਕੁੱਝ ਸਿੱਖਾਂ ਵੱਲੋਂ ਅਜਿਹੀਆਂ ਕਾਰਵਾਈਆਂ ਕੀਤੀ ਜਾ ਰਹੀਆਂ ਹਨ। ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੀਆਂ, ਭਾਵ ਕਿ ਗੁਰੂ ਸਾਹਿਬ ਦੇ ਫਲਸਫ਼ੇ ਤੋਂ ਉਲਟ ਕੰਮ ਕੀਤੇ ਜਾ ਰਹੇ ਹਨ।

ਇਨ੍ਹਾਂ ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਸਿੱਖ ਸੰਤ ਸਮਾਜ ਦੇ ਪ੍ਰਧਾਨ ਹਰਨਾਮ ਸਿੰਘ ਖ਼ਾਲਸਾ ਸਮੇਤ ਕੁੱਝ ਹੋਰ ਸਿੱਖਾਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਦੁੱਧ ਨਾਲ ਧੋਇਆ ਜਾ ਰਿਹਾ ਹੈ। ਬਹੁਤ ਸਾਰੇ ਸਿੱਖਾਂ ਵੱਲੋਂ ਇਸ ਕਾਰਵਾਈ 'ਤੇ ਇਹ ਕਹਿੰਦੇ ਹੋਏ ਭਾਰੀ ਇਤਰਾਜ਼ ਜਤਾਇਆ ਜਾ ਰਿਹਾ ਹੈ ਕਿ ਜੇਕਰ ਇਸ ਦੁੱਧ ਨੂੰ ਗ਼ਰੀਬ ਲੋਕਾਂ ਵਿਚ ਵੰਡਿਆ ਜਾਂਦਾ ਤਾਂ ਜ਼ਿਆਦਾ ਬਿਹਤਰ ਹੁੰਦਾ।

ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੇ ਕੰਮ ਇਕ ਵਿਸ਼ੇਸ਼ ਧਰਮ ਵਿਚ ਹੁੰਦੇ ਹਨ। ਜਿਸ ਵਿਚ ਮੂਰਤੀਆਂ ਅਤੇ ਧਾਰਮਿਕ ਅਸਥਾਨਾਂ ਨੂੰ ਇਸ ਤਰ੍ਹਾਂ ਦੁੱਧ ਨਾਲ ਧੋਇਆ ਜਾਂਦਾ ਹੈ ਪਰ ਸਿੱਖ ਧਰਮ ਵਿਚ ਨਹੀਂ। ਭਾਵੇਂ ਕਿ ਕੁੱਝ ਲੋਕਾਂ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਇੰਝ ਕਰਨ ਨਾਲ ਮਾਰਬਲ ਦੀ ਚਮਕ ਬਣੀ ਰਹਿੰਦੀ ਹੈ। ਪੁਰਾਣੇ ਜ਼ਮਾਨੇ ਵਿਚ ਵੀ ਇਸ ਤਰ੍ਹਾਂ ਕੀਤਾ ਜਾਂਦਾ ਸੀ ਪਰ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਹੈ ਕਿ ਦੁੱਧ ਅੰਮ੍ਰਿਤ ਸਮਾਨ ਹੁੰਦਾ ਹੈ।

ਕਿਸੇ ਨੂੰ ਵੀ ਇਸ ਦੀ ਬੇਅਦਬੀ ਨਹੀਂ ਕਰਨੀ ਚਾਹੀਦੀ। ਕਿਉਂਕਿ ਮਾਰਬਲ ਦੀ ਕੁਦਰਤੀ ਚਮਕ ਬਰਕਰਾਰ ਰੱਖਣ ਲਈ ਬਾਜ਼ਾਰ ਵਿਚ ਕਾਫ਼ੀ ਪ੍ਰੋਡਕਟ ਉਪਲਬਧ ਹਨ ਪਰ ਜ਼ਿਆਦਾ ਦੁੱਖ ਉਦੋਂ ਹੁੰਦਾ ਹੈ। ਜਦੋਂ ਇਸ ਤਰ੍ਹਾਂ ਦੀ ਕਾਰਵਾਈ ਅਪਣੇ ਆਪ ਨੂੰ ਸਿੱਖਾਂ ਦੇ ਮੋਢੀ ਕਹਾਉਣ ਵਾਲਿਆਂ ਵੱਲੋਂ ਕੀਤੀ ਜਾਂਦੀ ਹੈ ਕੀ ਇਹ ਬਾਬੇ ਨਾਨਕ ਦੇ ਫ਼ਲਸਫ਼ੇ ਦੇ ਉਲਟ ਕਾਰਵਾਈ ਨਹੀਂ?