ਬਾਜਵਾ-ਕੈਪਟਨ ਵਿਵਾਦ : ਮਨਪ੍ਰੀਤ ਬਾਦਲ ਖੁਲ੍ਹ ਕੇ ਕੈਪਟਨ ਦੇ ਹੱਕ 'ਚ ਡਟੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਜਵਾ ਤੇ ਦੂਲੋ ਨੇ ਪਾਰਟੀ ਦੇ ਅੰਦਰੂਨੀ ਮਾਮਲੇ ਬਾਹਰ ਉਛਾਲ ਕੇ ਗ਼ਲਤੀ ਕੀਤੀ

Manpreet Badal

ਬਠਿੰਡਾ, 7 ਅਗੱਸਤ (ਸੁਖਜਿੰਦਰ ਮਾਨ) : ਪੰਜਾਬ 'ਚ ਰਾਹੁਲ ਤੇ ਪ੍ਰਿਅੰਕਾ ਗਾਂਧੀ ਟੀਮ ਦੇ ਮੈਂਬਰ ਮੰਨੇ ਜਾਂਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਜ਼ਹਿਰੀਲੀ ਸ਼ਰਾਬ ਕਾਂਡ ਨੂੰ ਲੈ ਕੇ ਪਾਰਟੀ 'ਚ ਚੱਲ ਰਹੇ ਅੰਦਰੂਨੀ ਵਿਵਾਦ 'ਚ ਖੁਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਡਟ ਗਏ ਹਨ। ਸ. ਬਾਦਲ ਨੇ ਦਾਅਵਾ ਕੀਤਾ ਕਿ ''ਬਾਜਵਾ-ਦੂਲੋ ਨੇ ਪਾਰਟੀ ਦੇ ਅੰਦਰੂਨੀ ਮਾਮਲੇ ਬਾਹਰ ਉਛਾਲ ਕੇ ਪਾਰਟੀ ਦੇ ਵਕਾਰ ਨੂੰ ਢਾਹ ਲਗਾਈ ਹੈ।''

ਅੱਜ ਇਥੇ ਸੀਨੀਅਰ ਕਾਂਗਰਸੀ ਆਗੂ ਜਗਰੂਪ ਸਿੰਘ ਗਿੱਲ ਦੀ ਬਤੌਰ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਵਜੋਂ ਤਾਜ਼ਪੋਸ਼ੀ ਸਮਾਰੋਹ ਵਿਚ ਪੁੱਜੇ ਸ਼੍ਰੀ ਬਾਦਲ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਵਲੋਂ ਉਕਤ ਦੋਨਾਂ ਆਗੂਆਂ ਵਿਰੁਧ ਕੀਤੀ ਕਾਰਵਾਈ ਦੀ ਸਿਫ਼ਾਰਿਸ਼ ਨੂੰ ਜਾਇਜ਼ ਠਹਿਰਾÀੁਂਦਿਆਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੇ ਅੰਦਰੂਨੀ ਮਾਮਲੇ ਸ਼ਰੇ-ਬਜ਼ਾਰ ਉਛਾਲ ਕੇ ਗ਼ਲਤੀ ਕੀਤੀ ਹੈ। ਜਿਸ ਨਾਲ ਪਾਰਟੀ ਦਾ ਅਨੁਸਾਸਨ ਭੰਗ ਹੁੰਦੀ ਹੈ ਤੇ ਪਾਰਟੀ ਕਮਜ਼ੋਰ ਹੁੰਦੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖ਼ੜ ਤੋਂ ਬਾਅਦ ਸ਼੍ਰੀ ਬਾਦਲ ਪਹਿਲੇ ਅਜਿਹੇ ਕੈਬਨਿਟ ਵਜ਼ੀਰ ਹਨ, ਜਿਨ੍ਹਾਂ ਇਸ ਤਰ੍ਹਾਂ ਖੁਲ੍ਹ ਕੇ ਬਾਜਵਾ-ਦੂਲੋ ਦੀ ਜੋੜੀ 'ਤੇ ਨਿਸ਼ਾਨੇ ਸਾਧੇ ਹਨ।

ਅੱਜ ਸ਼੍ਰੀ ਬਾਦਲ ਨੇ ਅਸਿੱਧੇ ਢੰਗ ਨਾਲ ਇਹ ਵੀ ਇਸ਼ਾਰਾ ਕੀਤਾ ਕਿ ਇਸ ਪਿੱਛੇ ਕੋਈ ਸ਼ਾਜਸ ਕੰਮ ਰਹੀ ਹੈ। ਉਨ੍ਹਾਂ ਕਿਹਾ ਕਿ ਮੇਰਾ ਮਨ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਕਿ ਦੋਨੋਂ ਆਗੂ ਸਿਆਸੀ ਤੌਰ 'ਤੇ ਇੰਨ੍ਹੇ ਮਜ਼ੇ ਹੋਏ ਸਿਆਸਤਦਾਨ ਹਨ ਕਿ ਉਨ੍ਹਾਂ ਪਾਰਟੀ ਦਾ ਇਸ ਤਰ੍ਹਾਂ ਅੰਦਰੂਨੀ ਮਾਮਲਾ ਬਾਹਰ ਉਛਾਲ ਕੇ ਏਡੀ ਵੱਡੀ ਗ਼ਲਤੀ ਕਰ ਦਿਤੇ।

ਜ਼ਿਕਰਯੋਗ ਹੈ ਕਿ ਬੀਤੇ ਕੱਲ ਮੁੱਖ ਮੰਤਰੀ ਦਫ਼ਤਰ ਵਲੋਂ ਪੰਜਾਬ ਕੈਬਨਿਟ ਦੇ ਸਮੂਹ ਵਜ਼ੀਰਾਂ ਵਲੋਂ ਬਾਜਵਾ-ਦੂਲੋ ਵਿਰੁਧ ਕਾਰਵਾਈ ਦੀ ਮੰਗ ਵਾਲਾ ਇਕ ਬਿਆਨ ਜਾਰੀ ਕੀਤਾ ਸੀ। ਜਿਸਦੇ ਪ੍ਰਤੀਕ੍ਰਮ ਵਜੋਂ ਬਾਜਵਾ ਨੇ ਇਸ ਬਿਆਨ ਦੀ ਤੁਲਨਾ 80ਵੇਂ ਦਹਾਕੇ 'ਚ ਪੁਲਿਸ ਵਲੋਂ ਦਰਜ ਕੀਤੇ ਝੂਠੇ ਮੁਕੱਦਮਿਆਂ ਨਾਲ ਕੀਤੀ ਸੀ। ਪ੍ਰੰਤੂ ਅੱਜ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਮਾਮਲੇ 'ਤੇ ਖੁਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਦੀ ਹਿਮਾਇਤ ਕਰ ਦਿਤੀ ਹੈ। ਸ: ਬਾਦਲ ਨੇ  ਰਾਜ ਸਭਾ ਮੈਂਬਰਾਂ ਪ੍ਰਤਾਪ ਸਿੰਘ ਬਾਜ਼ਵਾ ਤੇ ਸ਼ਮਸੇਰ ਸਿੰਘ ਦੂਲੋਂ 'ਤੇ ਸਿਆਸੀ ਹਮਲੇ ਜਾਰੀ ਰਖਦਿਆਂ ਕਿਹਾ ਕਿ ਇੰਨ੍ਹਾਂ ਨੂੰ ਪਾਰਟੀ ਨੇ ਇੱਡੇ ਵੱਡੇ ਰੁਤਬੇ ਤੇ ਮਾਣ-ਸਨਮਾਨ ਬਖ਼ਸਿਆ ਹੈ, ਜਿਸਦੇ ਚਲਦੇ ਉਨ੍ਹਾਂ ਨੂੰ ਇਸ ਪੱਧਰ 'ਤੇ ਇਹ ਮਾਮਲੇ ਨਹੀਂ ਉਛਾਲਣੇ ਚਾਹੀਦੇ ਸਨ।

ਹਾਲਾਂਕਿ ਵਿਤ ਮੰਤਰੀ ਨੇ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲਿਆਂ ਦੇ ਪ੍ਰਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਇਹ ਵੀ ਦਾਅਵਾ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਜਿਹੇ ਸਖ਼ਤ ਕਦਮ ਚੁਕੇ ਜਾਣਗੇ ਕਿ ਆਉਣ ਵਾਲੇ ਸਮੇਂ ਵਿਚ ਅਜਿਹੀ ਘਟਨਾ ਨਾ ਵਾਪਰੇ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਸ਼ਹਿਰੀ ਪ੍ਰਧਾਨ ਅਰੁਣ ਵਧਾਵਨ, ਸੀਨੀਅਰ ਆਗੂ ਟਹਿਲ ਸਿੰਘ ਸੰਧੂ, ਅਨਿਲ ਭੋਲਾ, ਪਵਨ ਮਾਨੀ ਆਦਿ ਹਾਜ਼ਰ ਸਨ।