ਕੋਰੋਨਾ ਬਚਾਉ ਸਖ਼ਤੀਆਂ ਦੇ ਬਾਵਜੂਦ ਵੀ ਹਰ ਰੋਜ਼ ਹਜ਼ਾਰਾਂ ਲੋਕ ਚੋਰ ਮੋਰੀਆਂ ਰਾਹੀਂ ਰਾਜਸਥਾਨ ਤੋਂ.....

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਸ਼ਾਸਨ ਨੇ ਸਿਰਫ਼ 2 ਮੁੱਖ ਮਾਰਗਾਂ ਉਤੇ ਰਾਜਸਥਾਨ ਦੀਆਂ ਹੱਦਾਂ ਨਾਲ ਜਾਂਚ ਨਾਕੇ ਲਗਾਏ

Covid 19

ਅਬੋਹਰ, 7 ਅਗੱਸਤ (ਸੁਖਜੀਤ ਸਿੰਘ ਬਰਾੜ): ਪੰਜਾਬ ਸਰਕਾਰ ਸੂਬੇ ਵਿਚ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਭਾਵੇਂ ਅਪਣੇ ਵਲੋਂ ਪੂਰੀ ਵਾਹ ਲਗਾ ਰਹੀ ਹੈ ਪਰ ਪੰਜਾਬ ਰਾਜਸਥਾਨ ਹੱਦ ਉਤੇ ਚੱਲ ਰਹੀ ਪ੍ਰਸ਼ਾਸਨਕ ਚੌਂਕਸੀ ਦੀਵੇ ੇਹੇਠ ਹਨੇਰੇ ਵਾਲੀ ਗੱਲ ਵਾਂਗ ਜਾਪਦੀ ਹੈ। ਪੰਜਾਬ ਸਰਕਾਰ ਵਲੋਂ ਬਾਹਰਲੀ ਸੂਬਿਆਂ ਤੋਂ ਆਉਣ ਵਾਲਿਆਂ ਤੇ ਨਜ਼ਰ ਰੱਖਣ ਲਈ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਕੀਤੀਆਂ ਹੋਈਆਂ ਹਨ। ਸੂਬਾ ਸਰਕਾਰ ਦੀਆਂ ਇਨ੍ਹਾਂ ਸਖ਼ਤ ਹਦਾਇਤਾਂ ਦੇ ਬਾਵਜੂਦ ਵੀ ਰਾਜਸਥਾਨ ਤੋਂ ਹਰ ਰੋਜ਼ ਹਜ਼ਾਰਾਂ ਲੋਕ ਚੋਰ ਮੋਰੀਆਂ ਭਾਵ ਛੋਟੇ ਰਸਤਿਆਂ ਰਾਹੀਂ ਪੰਜਾਬ ਆਉਂਦੇ ਹਨ ਤਾਂ ਕਿ ਉਨ੍ਹਾਂ ਦੀ ਪੰਜਾਬ ਰਾਜਸਥਾਨ ਹੱਦ ਉਤੇ ਲੱਗੇ ਪ੍ਰਸ਼ਾਸਨਕ ਨਾਕਿਆਂ ਉਤੇ ਲਿਖਤੀ ਐਂਟਰੀ ਨਾ ਪਵੇ।

ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਰਾਜਸਥਾਨ ਤੋਂ ਪੰਜਾਬ ਆਉਣ ਵਾਲੇ ਵਿਅਕਤੀਆਂ ਦਾ ਰਿਕਾਰਡ ਰੱਖਣ ਲਈ ਅਬੋਹਰ ਗੰਗਾਨਗਰ ਅਤੇ ਅਬੋਹਰ ਹਨੂੰਮਾਨਗੜ੍ਹ ਮੁੱਖ ਮਾਰਗਾਂ ਤੇ ਰਾਜਸਥਾਨ ਦੀਆਂ ਹੱਦਾਂ ਨਾਲ ਸਿਰਫ਼ ਦੋ ਹੀ ਪੱਕੇ ਜਾਂਚ ਨਾਕੇ ਲਗਾਏ ਹੋਏ ਹਨ। ਜਿਥੇ ਕਿ ਹਰ ਇਕ ਆਉਣ ਜਾਣ ਵਾਲੇ ਦਾ ਲਿਖਤੀ ਰਿਕਾਰਡ ਰਖਿਆ ਜਾਂਦਾ ਹੈ ਜਦ ਕਿ ਇਸ ਤੋਂ ਇਲਾਵਾ ਪਿੰਡ ਅੱਚਾੜਿਕੀ, ਸ਼ੇਰਗੜ੍ਹ, ਗੁਮਜਾਂਲ, ਉਸਮਾਨ ਖੇੜਾ, ਪੰਜਾਵਾਂ, ਪੱਟੀ ਸਦੀਕ ਆਦਿ ਪਿੰਡਾਂ ਨੇੜਿਓ ਪੰਜਾਬ ਰਾਜਸਥਾਨ ਨੂੰ ਲਿੰਕ ਰੋਡਾਂ ਰਾਹੀ ਜਾਂ ਕੱਚੇ ਰਸਤਿਆਂ ਰਾਹੀ ਜੋੜਨ ਵਾਲੇ ਕਰੀਬ 1 ਦਰਜਨ ਲਾਂਘੇ ਨਾਕਾਬੰਦੀ ਬਿਨਾਂ ਬਿਲਕੁਲ ਸੁੰਨੇ ਪਏ ਹਨ। ਇਨ੍ਹਾਂ ਸੁੰਨਿਆਂ ਲਾਘਿਆਂ ਰਾਹੀ ਰਾਜਸਥਾਨ, ਗੁਜਰਾਤ, ਮਹਾਂਰਾਸ਼ਟਰ, ਮੱਧ ਪ੍ਰਦੇਸ਼ ਆਦਿ ਤੋਂ ਹਜ਼ਾਰਾਂ ਲੋਕ ਹੁਣ ਵੀ ਪੰਜਾਬ ਆਉਂਦੇ ਹਨ ਤਾਂ ਕਿ ਉਨ੍ਹਾਂ ਦਾ ਲਿਖਤੀ ਰਿਕਾਰਡ ਨੋਟ ਨਾ ਹੋਵੇ।

ਦੂਜੇ ਪਾਸੇ ਰਾਜਸਥਾਨ ਪ੍ਰਸ਼ਾਸਨ ਦਾ ਵੀ ਇਹੀ ਹਾਲ ਹੈ, ਕੁੱਝ ਦਿਨ ਤਾਂ ਉਨ੍ਹਾਂ ਨੇ ਵੀ ਪੰਜਾਬ ਨਾਲ ਲਗਦੀ ਸਾਰੀ ਹੱਦ ਉਤੇ ਪੂਰੀ ਚੌਂਕਸੀ ਦਿਖਾਈ ਸੀ ਅਤੇ ਮੁੱਖ ਮਾਰਗਾਂ ਨਾਲ ਇਨ੍ਹਾਂ ਲਿੰਕ ਸੜਕਾਂ ਦੇ ਲਾਘਿਆਂ ਉਤੇ ਵੀ ਪੂਰੇ ਜਾਂਚ ਨਾਕੇ ਲਗਾਏ ਸਨ। ਪੰਜਾਬ ਤੋਂ ਰਾਜਸਥਾਨ ਜਾਣ ਅਤੇ ਰਾਜਸਥਾਨ ਤੋਂ ਪੰਜਾਬ ਆਉਣ ਵਾਲੇ ਹਰ ਵਿਅਕਤੀ ਦਾ ਲਿਖਤੀ ਰਿਕਾਰਡ ਰਖਿਆ ਜਾਂਦਾ ਸੀ ਪਰ ਹੁਣ ਰਾਜਸਥਾਨ ਪ੍ਰਸ਼ਾਸਨ ਵਲੋਂ ਵੀ ਸਿਰਫ਼ ਅਬੋਹਰ-ਗੰਗਾਨਗਰ ਅਤੇ ਅਬੋਹਰ-ਹਨੂੰਮਾਨਗੜ੍ਹ ਮੁੱਖ ਮਾਰਗਾਂ ਉਤੇ ਹੀ ਜਾਂਚ ਨਾਕੇ ਲਗਾਏ ਹੋਏ ਹਨ।

ਪੰਜਾਬ-ਰਾਜਸਥਾਨ ਦੇ ਛੋਟੇ ਰਸਤਿਆਂ 'ਤੇ ਵੀ ਜਾਂਚ ਨਾਕੇ ਲਗਾਏ ਜਾਣ- ਜੇਕਰ ਆਪਾਂ ਦੂਜੇ ਪਾਸੇ ਨਜ਼ਰ ਮਾਰੀਏ ਤਾਂ ਹੁਣ ਪੰਜਾਬ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ ਅਤੇ ਮੌਤਾਂ ਦੀ ਗਿਣਤੀ ਵਿਚ ਵੀ ਹਰ ਰੋਜ਼ ਭਾਰੀ ਵਾਧਾ ਹੋ ਰਿਹਾ ਹੈ। ਪੰਜਾਬ ਰਾਜਸਥਾਨ ਹੱਦ ਉਤੇ ਅਸਲ ਵਿਚ ਸਖ਼ਤੀ ਦੀ ਤਾਂ ਹੁਣ ਲੋੜ ਹੈ ਤਾਂ ਕਿ ਰਾਜਸਥਾਨ ਤੋਂ ਪੰਜਾਬ ਆਉਣ ਜਾਣ ਵਾਲੇ ਹਰ ਇਕ ਵਿਅਕਤੀ ਦਾ ਪੂਰਾ ਰਿਕਾਰਡ ਰਖਿਆ ਜਾ ਸਕੇ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਾਂ ਤਾਂ ਪੰਜਾਬ ਰਾਜਸਥਾਨ ਨੂੰ ਜੋੜਨ ਵਾਲੇ ਵੱਡੇ ਛੋਟੇ ਸਾਰਿਆਂ ਰਸਤਿਆਂ ਉਤੇ ਹੀ ਜਾਂਚ ਨਾਕੇ ਲਗਾਵੇ। ਸਿਰਫ਼ ਦੋ ਮੁੱਖ ਮਾਰਗਾਂ ਉਤੇ ਜਾਂਚ ਨਾਕੇ ਲਗਾ ਕੇ ਸੂਬਾ ਵਾਸੀਆਂ ਨੂੰ ਕੋਰੋਨਾ ਦੀ ਲਪੇਟ ਤੋਂ ਨਹੀਂ ਬਚਾਇਆ ਜਾ ਸਕਦਾ। ਇਸ ਸਬੰਧ ਵਿਚ ਫ਼ਾਜਿਲਕਾ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਨਾਲ ਗੱਲਬਾਤ ਕਰਨੀ ਚਾਹੀ ਤਾਂ ਵਾਰ-ਵਾਰ ਫ਼ੋਨ ਕਰਨ ਉਤੇ ਵੀ ਉਨ੍ਹਾਂ ਅਪਣਾ ਫ਼ੋਨ ਨਹੀਂ ਚੁੱਕਿਆ।