ਸਤਲੁਜ ਦਰਿਆ ਦਾ ਪਾਣੀ ਦੂਸ਼ਿਤ ਹੋਣ ਕਰ ਕੇ ਮਰ ਰਹੀਆਂ ਨੇ ਮੱਛੀਆਂ
ਸੰਤ ਸੀਚੇਵਾਲ ਨੇ ਇਸ ਦਰਿਆ ਦੀਆਂ ਕੁਝ ਵੀਡੀਓਜ਼ ਪ੍ਰਦੂਸ਼ਣ ਬੋਰਡ ਨੂੰ ਭੇਜੀਆਂ ਹਨ
ਚੰਡੀਗੜ੍ਹ - ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿਚ 121 ਲੋਕਾਂ ਦੀ ਮੌਤ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਵੱਡੇ ਪੱਧਰ ‘ਤੇ ਨਕਲੀ ਤੇ ਜ਼ਹਿਰੀਲੀ ਸ਼ਰਾਬ ਸਣੇ ਤਸਕਰਾਂ ਨੂੰ ਫੜਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਜੋ ਸ਼ਰਾਬ ਬਰਾਮਦ ਹੋਈ ਉਸ ਨੂੰ ਨਸ਼ਟ ਕਰਨ ਲਈ ਦਰਿਆ ‘ਚ ਵਹਾਇਆ ਗਿਆ। ਇਸੇ ਦੌਰਾਨ ਸ਼ਾਹਕੋਟ ਇਲਾਕੇ ਵਿਚ ਸਤਲੁਜ ਦਰਿਆ ਵਿਚ ਕੁਝ ਮੱਛੀਆਂ ਮਰੀਆਂ ਹੋਈਆਂ ਮਿਲੀਆਂ।
ਜਿਸ ਤੋਂ ਬਾਅਦ ਪਿੰਡ ਵਾਸੀਆ ਨੇ ਇਸ ਦੀ ਸੂਚਨਾ ਸੰਤ ਸੀਚੇਵਾਲ ਨੂੰ ਦਿਤੀ। ਹੁਣ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਹਾਦਸੇ ‘ਤੇ ਸਖ਼ਤ ਨੋਟਿਸ ਲਿਆ ਹੈ। ਇਸ ਗੱਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜ਼ਬਤ ਕੀਤੀ ਗਈ ਜ਼ਹਿਰੀਲੀ ਸ਼ਰਾਬ ਨੂੰ ਦਰਿਆ ਵਿੱਚ ਵਹਾ ਦਿੱਤਾ ਗਿਆ। ਜਿਸ ਤੋਂ ਬਾਅਦ ਸਤਲੁਜ ਦਰਿਆ ਵਿਚ ਕਾਫ਼ੀ ਗਿਣਤੀ ਵਿਚ ਮੱਛੀਆਂ ਮਰੀਆਂ ਹੋਈਆਂ ਮਿਲੀਆਂ।
ਸਥਾਨਕ ਵਾਸੀਆਂ ਨੂੰ ਸ਼ੱਕ ਹੈ ਕਿ ਦਰਿਆ ਵਿਚ ਸ਼ਰਾਬ ਸੁੱਟਣ ਕਾਰਨ ਹੀ ਇਹ ਮੱਛੀਆਂ ਮਰੀਆਂ ਹੋਣ। ਹਾਲਾਂਕਿ ਪ੍ਰਦੂਸ਼ਣ ਬੋਰਡ ਵੱਲੋਂ ਸੈਂਪਲ ਲਏ ਜਾ ਰਹੇ ਹਨ। ਜਿਸ ਤੋਂ ਬਾਅਦ ਹੀ ਇਸ ਦਾ ਅਸਲ ਕਾਰਣ ਸਾਹਮਣੇ ਆਏਗਾ। ਦੱਸ ਦਈਏ ਕਿ ਲੰਮੇ ਸਮੇਂ ਤੋਂ ਦਰਿਆਵਾਂ ਦੇ ਪਾਣੀਆਂ ਲਈ ਸੰਘਰਸ਼ ਕਰ ਰਹੇ ਸੰਤ ਸੀਚੇਵਾਲ ਦੇ ਮੁਤਾਬਕ ਕਿਸੇ ਵੀ ਨਦੀ ਜਾਂ ਦਰਿਆ ਦੇ ਪਾਣੀ ‘ਚ ਇੱਕ ਬੂੰਦ ਵੀ ਜ਼ਹਿਰੀਲੀ ਚੀਜ਼ ਪਾਉਣ ਦਾ ਹੱਕ ਕਿਸੇ ਨੂੰ ਵੀ ਨਹੀਂ ਹੈ। ਸੰਤ ਸੀਚੇਵਾਲ ਨੇ ਇਸ ਦਰਿਆ ਦੀਆਂ ਕੁਝ ਵੀਡੀਓਜ਼ ਪ੍ਰਦੂਸ਼ਣ ਬੋਰਡ ਨੂੰ ਭੇਜੀਆਂ ਹਨ, ਸਤਲੁਜ ‘ਚ ਸ਼ਰਾਬ ਸੁੱਟੇ ਜਾਣ ਤੋਂ ਬਾਅਦ ਸੀਚੇਵਾਲ ਐਕਸ਼ਨ ਵਿਚ ਆਏ ਦਿਖਾਈ ਦਿੱਤੇ।