ਕੈਪਟਨ ਅਮਰਿੰਦਰ ਸਿੰਘ ਦੇ ਤਰਨ ਤਾਰਨ ਪਹੁੰਚਣ 'ਤੇ 'ਆਪ' ਵਲੋਂ ਕਾਲੀਆਂ ਝੰਡੀਆਂ ਨਾਲ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਵਾਰਾਂ ਨੂੰ ਇਨਸਾਫ਼ ਦਵਾਉਣ ਦੀ ਮੰਗ ਨੂੰ ਲੈ ਕੇ ਪੁਲਿਸ ਵਲੋਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਮੁੱਖ ਮੰਤਰੀ....

Captain Amrinder Singh

ਤਰਨ ਤਾਰਨ, 7 ਅਗੱਸਤ (ਅਜੀਤ ਸਿੰਘ ਘਰਿਆਲਾ) : ਜ਼ਿਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਵਾਰਾਂ ਨੂੰ ਇਨਸਾਫ਼ ਦਵਾਉਣ ਦੀ ਮੰਗ ਨੂੰ ਲੈ ਕੇ ਪੁਲਿਸ ਵਲੋਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਦੀ ਆਗਿਆ ਨਾ ਦੇਣ 'ਤੇ ਪਾਰਟੀ ਵਲੰਟੀਅਰਾਂ ਵਲੋਂ ਕਾਲੀਆਂ ਝੰਡੀਆਂ ਦੇ ਪ੍ਰਦਰਸ਼ਨ ਨਾਲ ਰੋਸ ਪ੍ਰਗਟ ਕੀਤਾ ਗਿਆ ਅਤੇ ਕੈਪਟਨ ਸਰਕਾਰ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ ਗਈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਤਰਨ ਤਾਰਨ ਦੇ ਹਲਕਾ ਇੰਚਾਰਜ਼ ਡਾ. ਕਸ਼ਮੀਰ ਸਿੰਘ ਸੋਹਲ ਨੇ ਦਸਿਆ ਕਿ ਅੱਜ ਉਹ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਖਣਾ, ਹਲਕਾ ਇੰਚਾਰਜ ਪੱਟੀ ਰਣਜੀਤ ਸਿੰਘ ਚੀਮਾ, ਹਲਕਾ ਇੰਚਾਰਜ ਖਡੂਰ ਸਾਹਿਬ ਮਨਜਿੰਦਰ ਸਿੰਘ ਸਿੱਧੂ ਆਦਿ ਨਾਲ ਮੁੱਖ ਮੰਤਰੀ ਪੰਜਾਬ ਨੂੰ ਮਿਲ ਕੇ ਪੀੜਤ ਪਰਵਾਰਾਂ ਨੂੰ ਵੱਧ ਸਹੂਲਤਾਂ ਦੀ ਮੰਗ ਕਰਨਾ ਚਾਹੁੰਦੇ ਸਨ, ਪਰ ਪੁਲਿਸ ਨੇ ਉਨ੍ਹਾਂ ਨੂੰ ਉਸ ਸਥਾਨ ਤਕ ਪਹੁੰਚਣ ਤੋਂ ਰੋਕ ਦਿਤਾ ਜਿਥੇ ਕਿ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਹੋਏ ਸਨ ਅਤੇ ਇਸ ਤਰ੍ਹਾਂ ਲੋਕਤੰਤਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ।

ਉਨ੍ਹਾਂ ਨੇ ਹੋਰ ਦਸਿਆ ਕਿ ਪਹਿਲਾਂ ਵੀ ਆਮ ਆਦਮੀ ਪਾਰਟੀ ਵਲੋਂ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਜ਼ੋਰਦਾਰ ਮੰਗ ਅੱਗੇ ਸਰਕਾਰ ਨੂੰ ਝੁਕਣਾ ਪਿਆ, ਪਰ 2 ਲੱਖ ਦੀ ਸਹਾਇਤਾ ਮ੍ਰਿਤਕ ਦੇ ਪਰਵਾਰ ਵਾਸਤੇ ਨਾ ਕਾਫ਼ੀ ਹੈ। ਭਾਵੇਂ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੇ ਰੋਹ ਨੂੰ ਵੇਖਦਿਆਂ ਹੋਇਆਂ ਅਤੇ ਆਮ ਆਦਮੀ ਪਾਰਟੀ ਦੇ ਦਬਾਅ ਹੇਠ ਇਹ ਰਾਸ਼ੀ 5 ਲੱਖ ਤਕ ਵਧਾਉਣ ਦਾ ਐਲਾਨ ਕੀਤਾ ਹੈ ਪਰ ਆਮ ਆਦਮੀ ਪਾਰਟੀ ਮ੍ਰਿਤਕ ਦੇ ਪਰਵਾਰ ਵਾਸਤੇ 20 ਲੱਖ ਦੀ ਰਾਸ਼ੀ ਅਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੀ ਮੰਗ ਕਰਦੀ ਹੈ।