ਸੁਖਬੀਰ ਬਾਦਲ ਨੇ ਪੁਲਿਸ ਦੀ ਨਾਕਾਮੀ ਵਿਰੁਧ ਧਰਨੇ ਦੀ ਕੀਤੀ ਅਗਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚੋਰੀ ਹੋਏ ਸਰੂਪ ਦਾ ਮਾਮਲਾ

File Photo

ਪਟਿਆਲਾ, 7 ਅਗੱਸਤ (ਤੇਜਿੰਦਰ ਫ਼ਤਿਹਪੁਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਜ਼ਿਲ੍ਹੇ ਦੇ ਪਿੰਡ ਕਲਿਆਣ ਦੇ ਗੁਰਦਵਾਰਾ ਅਰਦਾਸਪੁਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚੋਰੀ ਹੋਇਆ ਸਰੂਪ ਲੱਭਣ ਵਿਚ ਪੁਲਿਸ ਦੀ ਨਾਕਾਮੀ ਵਿਰੁਧ ਇਥੇ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਅੱਗੇ ਧਰਨੇ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਇਸ ਮਾਮਲੇ 'ਤੇ ਚੁੱਪੀ ਧਾਰਨ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਪਟਿਆਲਾ ਦੇ ਐਮ.ਪੀ. ਪ੍ਰਨੀਤ ਕੌਰ ਦੀ ਨਿਖੇਧੀ ਕੀਤੀ।

ਇਥੇ ਗੁਰਦਵਾਰਾ ਦੁੱਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕਰਨ ਉਪਰੰਤ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਨ੍ਹਾਂ ਨੂੰ ਲੰਮੇ ਹੱਥੀਂ ਲਿਆ, ਜਿਨ੍ਹਾਂ ਨੇ ਬੇਅਦਬੀ ਮਾਮਲੇ 'ਤੇ ਰਾਜਨੀਤੀ ਕੀਤੀ ਅਤੇ ਪੁਛਿਆ ਕਿ ਇਹ ਜਥੇਬੰਦੀਆਂ ਹੁਣ ਚੁੱਪ ਕਿਉਂ ਹਨ। ਉਨ੍ਹਾਂ ਕਿਹਾ ਕਿ ਜਿਹੜੀਆਂ ਜਥੇਬੰਦੀਆਂ ਕਾਂਗਰਸ ਨੇ ਖੜ੍ਹੀਆਂ ਕੀਤੀਆਂ ਸਨ, ਉਹ ਲਾਕਡਾਊਨ ਦੌਰਾਨ ਭੱਜ ਗਈਆਂ ਅਤੇ ਮੁਸੀਬਤ ਵਿਚ ਫਸੇ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੀ ਅੱਗੇ ਆਈ। ਉਨ੍ਹਾਂ ਕਿਹਾ ਕਿ ਪਹਿਲੇ ਵਿਸ਼ਵ ਯੁੱਧ ਸਮੇਂ ਲਿਆਂਦੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਲਾਪਤਾ ਹੋਣ ਤੋਂ ਬਾਅਦ 15 ਦਿਨ ਲੰਘਣ 'ਤੇ ਵੀ ਇਹ ਜਥੇਬੰਦੀਆਂ ਅਜੇ ਵੀ ਚੁੱਪ ਹਨ।

ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਇਥੇ ਸਿਰਫ ਇਸ ਕਰ ਕੇ ਆਏ ਹਾਂ ਕਿਉਂਕਿ ਜ਼ਿਲ੍ਹਾ ਪੁਲਿਸ ਅਪਣੀ ਡਿਊਟੀ ਕਰਨ ਵਿਚ ਫੇਲ ਹੋ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਵਲੋਂ 18 ਅਗੱਸਤ ਤਕ ਐਸ.ਐਸ.ਪੀ. ਦਫ਼ਤਰ ਅੱਗੇ ਧਰਨਾ ਲਗਾਤਾਰ ਜਾਰੀ ਰਖਿਆ ਜਾਵੇਗਾ, ਜਿਸ ਵਿਚ ਇਹ ਸਰੂਪ ਬਰਾਮਦ ਕਰਨ ਅਤੇ ਇਸ ਘਿਨਾਉਣੇ ਅਪਰਾਧ ਵਿਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾਵੇਗੀ।

ਉਨ੍ਹਾਂ ਦਸਿਆ ਕਿ ਸ਼ਾਂਤਮਈ ਧਰਨੇ ਵਿਚ ਸਿਰਫ 51 ਵਿਅਕਤੀ ਹੀ ਭਾਗ ਲਿਆ ਕਰਨਗੇ। ਉਨ੍ਹਾਂ ਜਿਕਹਾ ਕਿ 18 ਅਗੱਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ ਅਤੇ ਜੇਕਰ ਉਦੋਂ ਤਕ ਪੁਲਿਸ ਸਰੂਪ ਬਰਾਮਦ ਨਾ ਕਰ ਸਕੀ ਤੇ ਦੋਸ਼ੀਆਂ ਨੂੰ ਨਾ ਫੜ ਸਕੀ ਤਾਂ ਫਿਰ ਕੋਰ ਕਮੇਟੀ ਦੀ ਮੀਟਿੰਗ ਵਿਚ ਅਗਲੇ ਸੰਘਰਸ਼ ਦੀ ਰੂਪ ਰੇਖਾ ਤੈਅ ਕੀਤੀ ਜਾਵੇਗੀ।