ਡੀਜੀਪੀ ਦਿਨਕਰ ਗੁਪਤਾ ਵਲੋਂ ਨੌਕਰਾਂ, ਕਿਰਾਏਦਾਰਾਂ ਦੀ ਆਨਲਾਈਨ ਜਾਂਚ ਲਈ ਮੋਬਾਈਲ ਐਪ ਦੀ ਸ਼ੁਰੂਆਤ

ਏਜੰਸੀ

ਖ਼ਬਰਾਂ, ਪੰਜਾਬ

ਡੀਜੀਪੀ ਦਿਨਕਰ ਗੁਪਤਾ ਵਲੋਂ ਨੌਕਰਾਂ, ਕਿਰਾਏਦਾਰਾਂ ਦੀ ਆਨਲਾਈਨ ਜਾਂਚ ਲਈ ਮੋਬਾਈਲ ਐਪ ਦੀ ਸ਼ੁਰੂਆਤ

image

ਲੁਧਿਆਣਾ, 7 ਅੱਗਸਤ (ਪ੍ਰਮੋਦ ਕੌਸ਼ਲ) : ਹੁਣ ਮਕਾਨ ਮਾਲਕਾਂ ਨੂੰ  ਨੌਕਰਾਂ ਅਤੇ ਕਿਰਾਏਦਾਰਾਂ ਦੀ ਜਾਂਚ ਲਈ ਸਾਂਝ ਕੇਂਦਰਾਂ ਵਿਚ ਜਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਪੁਲਿਸ ਕਮਿਸ਼ਨਰੇਟ ਲੁਧਿਆਣਾ ਨੇ ਪੂਰੇ ਸੂਬੇ ਲਈ ਇਕ ਮੋਬਾਈਲ ਐਪ ਵਿਕਸਤ ਕੀਤੀ ਹੈ ਜਿਸ ਨਾਲ  ਮਕਾਨ ਮਾਲਕ, ਮਾਲਕ ਅਪਣੇ ਮੋਬਾਈਲ ਤੋਂ ਇਸ ਐਪ ਰਾਹੀਂ ਜਾਂਚ ਲਈ ਰਜਿਸਟਰ ਕਰ ਸਕਣਗੇ ਅਤੇ ਫ਼ੀਸ ਅਦਾ ਕਰ ਸਕਣਗੇ | ਇਹ ਪ੍ਰਗਟਾਵਾ ਅੱਜ ਇਥੇ ਡੀਜੀਪੀ ਪੰਜਾਬ ਪੁਲਿਸ ਸ੍ਰੀ ਦਿਨਕਰ ਗੁਪਤਾ ਨੇ ਕੀਤਾ |
  ਗੁਪਤਾ ਜੋ ਪੁਲਿਸ ਵਿਕਾਸ ਪ੍ਰੋਜੈਕਟਾਂ ਦੀ ਲੜੀ ਦਾ ਉਦਘਾਟਨ ਕਰਨ ਲਈ ਸ਼ੁਕਰਵਾਰ ਨੂੰ  ਲੁਧਿਆਣਾ 'ਚ ਸਨ, ਨੇ ਰਾਜ ਵਿਚ ਅਪਰਾਧ ਨੂੰ  ਕੰਟਰੋਲ ਕਰਨ ਲਈ ਚੁੱਕੇ ਜਾ ਰਹੇ ਠੋਸ ਕਦਮਾਂ ਦੇ ਹਿੱਸੇ ਵਜੋਂ ਮਾਲਕਾਂ ਦੁਆਰਾ ਨੌਕਰਾਂ, ਕਿਰਾਏਦਾਰਾਂ ਅਤੇ ਕਰਮਚਾਰੀਆਂ ਦੀ ਜਲਦੀ ਅਤੇ ਸਮੇਂ ਸਿਰ ਤਸਦੀਕ ਕਰਨ ਲਈ ਇਕ ਮੋਬਾਈਲ ਪਲੇਟਫਾਰਮ ਲਾਂਚ ਕੀਤਾ | ਇਸ ਵਿਸ਼ੇਸ਼ ਐਪਲੀਕੇਸ਼ਨ ਨਾਲ ਲੋਕਾਂ ਨੂੰ  ਸਾਂਝ ਕੇਂਦਰ ਜਾਂ ਪੁਲਿਸ ਸਟੇਸ਼ਨ ਜਾਣ ਦੀ ਲੋੜ ਨਹੀਂ ਹੋਵੇਗੀ ਬਲਕਿ ਉਹ ਅਪਣੇ ਮੋਬਾਈਲ ਫ਼ੋਨਾਂ ਦੀ ਵਰਤੋਂ ਨਾਲ ਹੀ ਅਪਣੇ ਘਰ ਤੋਂ ਉਨ੍ਹਾਂ ਦੀ ਜਾਂਚ ਕਰਵਾ ਸਕਦੇ ਹਨ | ਡੀਜੀਪੀ ਨੇ ਲੋਕਾਂ ਨੂੰ  ਨੌਕਰਾਂ ਦੀ ਪੁਲਿਸ ਤਸਦੀਕ ਕਰਵਾਉਣ ਦੀ ਅਪੀਲ ਕੀਤੀ | ਉਨਾਂ ਕਿਹਾ ਕਿ ਜੇਕਰ ਨੌਕਰ ਕੋਈ ਅਪਰਾਧ ਕਰ ਕੇ ਫਰਾਰ ਹੋ ਜਾਂਦਾ ਹੈ ਤਾਂ ਅਜਿਹੀ ਸਥਿਤੀ ਵਿਚ ਤਸਦੀਕ ਦੌਰਾਨ ਪੇਸ਼ ਕੀਤੇ ਗਏ ਵੇਰਵੇ ਪੁਲਿਸ ਨੂੰ  ਦੋਸ਼ੀ ਦਾ ਪਤਾ ਲਗਾਉਣ ਵਿਚ ਸਹਾਇਤਾ ਕਰਨਗੇ |
  ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦਸਿਆ ਕਿ ਐਪ ਨੂੰ  ਖਾਸ ਤੌਰ 'ਤੇ ਨੌਕਰਾਂ ਦੁਆਰਾ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਵਿਕਸਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਨੇਪਾਲ ਨਾਲ ਸਬੰਧਤ ਨੌਕਰਾਂ ਦੀ ਤਸਦੀਕ ਲਈ ਇਸ ਐਪ ਵਿਚ ਕਈ ਵਿਸ਼ੇਸ਼  ਸੁਵਿਧਵਾਂ ਸ਼ਾਮਲ ਹਨ | ਇਸ ਮੌਕੇ ਡੀਜੀਪੀ ਦਿਨਕਰ ਗੁਪਤਾ ਨੇ ਲੁਧਿਆਣਾ ਕਮਿਸ਼ਨਰੇਟ ਦੇ ਪੁਲਿਸ ਅਧਿਕਾਰੀਆਂ ਨਾਲ ਅਪਰਾਧ ਸਮੀਖਿਆ ਮੀਟਿੰਗ ਵੀ ਕੀਤੀ | ਉਨਾਂ ਨੇ ਪੁਲਿਸ ਨੂੰ  24 ਘੰਟੇ ਪੁਲਿਸ ਨਾਕੇ 'ਤੇ ਤਾਇਨਾਤ ਰਹਿਣ ਅਤੇ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿਤੇ | ਇਸ ਦੌਰਾਨ ਸਾਲਾਂ ਤੋਂ ਪੁਲਿਸ ਸਟੇਸ਼ਨਾਂ ਵਿਚ ਜ਼ਬਤ ਕੀਤੇ  ਵਾਹਨਾਂ ਦਾ ਨਿਪਟਾਰਾ ਕਰਨ ਲਈ ਡੀਜੀਪੀ ਨੇ ਰੂਲ ਬੁੱਕ ਵੀ ਲਾਂਚ ਕੀਤੀ ਜੋ ਕਿ ਸਬੰਧਤ ਸੀ.ਆਰ.ਪੀ.ਸੀ. ਅਤੇ ਪੰਜਾਬ ਪੁਲਿਸ ਐਕਟ ਦੀ ਪਾਲਣਾ ਕਰਕੇ ਅਜਿਹੇ ਵਾਹਨਾਂ ਦੇ ਨਿਪਟਾਰੇ ਲਈ ਵਿੱਚ ਸੇਧ ਦੇਵੇਗੀ |
Ldh_Parmod_7_1: Photo