ਗੁਰਨਾਮ ਸਿੰਘ ਚੜੂਨੀ ਸੰਯੁਕਤ ਕਿਸਾਨ ਮੋਰਚੇ ਤੋਂ ਹੋਏ ਵੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਸਮੇਂ ’ਚ ਮੋਰਚੇ ’ਚੋ ਚੜੁਨੀ ਨੂੰ ਹਫ਼ਤੇ ਲਈ ਮੁਅੱਤਲ ਵੀ ਕੀਤਾ ਗਿਆ ਸੀ

Gurnam Singh Chaduni

ਚੰਡੀਗੜ੍ਹ (ਭੁੱਲਰ) : ਸਿਆਸਤ ਦੇ ਮੁਦੇ ਤੇ ਮਤਭੇਦਾਂ ਦੇ ਚਲਦੇ ਆਖਿਰ ਅੱਜ ਹਰਿਆਣਾ ਦੇ ਪ੍ਰਮੁੱਖ ਕਿਸਾਨ ਨੇਤਾ ਗੁਰਨਾਮ ਸਿੰਘ ਚੜੁਨੀ ਨੇ ਆਪਣੇ ਆਪ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ 'ਚੋਂ ਵੱਖ ਕਰ ਲਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਚੱਲ ਰਹੇ ਅੰਦੋਲਨ ਲਈ ਕੰਮ ਕਰਦੇ ਰਹਿਣਗੇ ਅਤੇ ਮੋਰਚੇ ਦੇ ਹਰ ਐਕਸ਼ਨ ’ਚ ਸ਼ਾਮਲ ਹੋਣਗੇ ਪਰ ਮੋਰਚੇ ਦੀ ਕਿਸੇ ਮੀਟਿੰਗ ’ਚ ਸ਼ਾਮਲ ਨਹੀਂ ਹੋਣਗੇ।

ਉਗਰਾਹਾਂ ਗਰੁੱਪ ਤੇ ਕਿਸਾਨ ਸੰਘਰਸ਼ ਕਮੇਟੀ ਵਾਂਗ ਅਪਣੀ ਯੂਨੀਅਨ ਵੱਖਰੀ ਹੋਂਦ ਰੱਖਦਿਆਂ ਕਿਸਾਨ ਅੰਦੋਲਨ ’ਚ  ਹਿੱਸਾ ਪਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਲਈ ਉਹ ਮੋਰਚੇ ਦੀ ਸਾਂਝੀ ਕਮੇਟੀ ਤੋਂ ਅਲੱਗ ਹੋਏ ਹਨ ਕਿਉਂਕਿ ਕੁੱਝ ਯੂਨੀਆਨਾਂ ਨੂੰ ਉਨ੍ਹਾਂ ਦੇ ਪੰਜਾਬ ’ਚ ਸਰਗਰਮ ਹੋਣ ਨਾਲ ਤਕਲੀਫ ਹੋ ਰਹੀ ਹੈ ਤੇ ਮੇਰੇ ਨਾਲ ਮੋਰਚੇ ’ਚ ਵਿਤਕਰੇਬਾਜ਼ੀ ਕੀਤੀ ਜਾਂਦੀ ਹੈ। 

ਉਨ੍ਹਾਂ ਇਹ ਵੀ ਸਾਫ਼ ਕਰ ਦਿਤਾ ਕਿ ਉਹ ਸਿਆਸਤ ’ਚ ਹਿਸਾ ਲੈਣ ਅਤੇ ਮਿਸ਼ਨ ਪੰਜਾਬ 2022 ਦੇ ਅਪਣੇ ਸਟੈਂਡ ’ਤੇ ਅੱਜ ਵੀ ਕਾਇਮ ਹਨ ਅਤੇ ਕਿਸਾਨਾਂ ਨੂੰ ਇਸ ਬਾਰੇ ਜਾਗਰੂਕ ਵੀ ਕਰ ਰਹੇ ਹਨ। ਕਿਸਾਨਾਂ ਨੂੰ ਅਪਣੀ ਪਾਰਟੀ ਬਣਾਏ ਬਿਨ੍ਹਾਂ ਸਾਰੇ ਮਸਲੇ ਕਦੇ ਹਲ ਨਹੀਂ ਹੋ ਸਕਦੇ।

ਜ਼ਿਕਰਯੋਗ ਹੈ ਕਿ ਚੜੁਨੀ ਤੇ ਕਿਸਾਨ ਮੋਰਚੇ  ਦੇ ਮੁੱਖ ਆਗੂਆਂ ’ਚ ਸਿਆਸੀ ਬਿਆਨਾਂ ਦੇ ਮਾਮਲੇਂ ’ਚ ਕਾਫੀ ਸਮੇਂ ਤੋਂ ਕਹਾ-ਸੁਣੀ ਚਲ ਰਹੀ ਸੀ ਅਤੇ ਪਿਛਲੇ ਸਮੇਂ ’ਚ ਮੋਰਚੇ ’ਚੋ ਚੜੁਨੀ ਨੂੰ ਹਫ਼ਤੇ ਲਈ ਮੁਅੱਤਲ ਵੀ ਕੀਤਾ ਗਿਆ ਸੀ।