ਜੇ ਹਰਸਿਮਰਤ ਬਾਦਲ ਨੇ ਵਿਰੋਧ ਕਰਦਿਆਂ ਕੈਬਨਿਟ ’ਚੋਂ ਵਾਕਆਊਟ
ਜੇ ਹਰਸਿਮਰਤ ਬਾਦਲ ਨੇ ਵਿਰੋਧ ਕਰਦਿਆਂ ਕੈਬਨਿਟ ’ਚੋਂ ਵਾਕਆਊਟ
ਕੀਤਾ ਹੁੰਦਾ ਤਾਂ ਖੇਤੀ ਆਰਡੀਨੈਂਸ ਕਦੇ ਨਾ ਆਉਂਦੇ : ਮਨੀਸ਼ ਤਿਵਾੜੀ
ਬੇਅਦਬੀ ਮਾਮਲੇ ’ਚ ਦੇਰੀ ਲਈ ਕੁੰਵਰ ਵਿਜੇ ਪ੍ਰਤਾਪ ਜ਼ਿੰਮੇਵਾਰ ਅਤੇ ਹਾਈਕੋਰਟ ਦੀ ਟਿੱਪਣੀ ਤੋਂ ਇਹ ਸਪੱਸ਼ਟ ਹੋ ਗਿਆ
ਲੁਧਿਆਣਾ, 7 ਅਗੱਸਤ (ਪ੍ਰਮੋਦ ਕੌਸ਼ਲ) : ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਬੁਲਾਰੇ ਅਤੇ ਲੋਕਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਵੱਡਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਜੇ ਹਰਸਿਮਰਤ ਬਾਦਲ ਨੇ ਖੇਤੀ ਆਰਡੀਨੈਂਸਾਂ ਵਿਰੁਧ ਅਪਣਾ ਵਿਰੋਧ ਜਤਾਉਂਦੇ ਹੋਏ ਉਸੇ ਸਮੇਂ ਮੋਦੀ ਕੈਬਨਿਟ ਵਿਚੋਂ ਵਾਕਆਊਟ ਕੀਤਾ ਹੁੰਦਾ ਤਾਂ ਖੇਤੀ ਕਾਨੂੰਨ ਕਦੇ ਆਉਂਦੇ ਹੀ ਨਾ ਅਤੇ ਕਿਸਾਨਾਂ ਨੂੰ ਇਹ ਦਿਨ ਵੀ ਨਹੀਂ ਸੀ ਦੇਖਣੇ ਪੈਣੇ।
ਉਹ ਲੁਧਿਆਣਾ ਵਿਖੇ ਸਨਿਚਰਵਾਰ ਨੂੰ ਪੱਤਰਕਾਰਾਂ ਨਾਲ ਮੁਖ਼ਾਤਬ ਸਨ ਜਿੱਥੇ ਉਨ੍ਹਾਂ ਖੇਤੀ ਆਰਡੀਨੈਂਸਾਂ (ਹੁਣ ਖੇਤੀ ਕਾਨੂੰਨ) ਤੇ ਬੋਲਦਿਆਂ ਇਹ ਬਿਆਨ ਦਿਤਾ। ਉਨਾਂ ਕਿਹਾ ਕਿ 19 ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਇਕੱਠੇ ਹੋ ਕੇ ਜੰਤਰ ਮੰਤਰ ਵਿਖੇ ਚੱਲ ਰਹੀ ਕਿਸਾਨ ਸੰਸਦ ਦੀ ਕਾਰਵਾਈ ਦੇਖਣ ਲਈ ਬੀਤੇ ਦਿਨੀਂ ਗਏ ਸੀ ਅਤੇ ਇਕ ਗੱਲ ਸਪੱਸ਼ਟ ਹੈ ਕਿ ਵਿਰੋਧੀ ਧਿਰਾਂ ਕਿਸਾਨਾਂ ਦੇ ਹੱਕ ਵਿਚ ਸਰਕਾਰ ’ਤੇ ਲਗਾਤਾਰ ਦਬਾਅ ਬਣਾ ਰਹੀਆਂ ਹਨ ਕਿ ਇਹ ਖੇਤੀ ਕਾਨੂੰਨ ਵਾਪਸ ਲਏ ਜਾਣ ਅਤੇ ਸੰਸਦ ਦੇ ਮਾਨਸੂਨ ਇਜਲਾਸ ਦੇ ਰਹਿੰਦੇ ਸਮੇਂ ਦੌਰਾਨ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਤੇ ਮੁੜ ਤੋਂ ਬਹਿਸ ਕਰਵਾਉਣੀ ਚਾਹੀਦੀ ਹੈ ਅਤੇ ਫਿਰ ਇਸ ਦੇ ਲਈ ਇਜਲਾਸ ਦਾ ਜੇਕਰ ਸਮਾਂ ਵੀ ਹੋਰ ਵਧਾਉਣਾ ਪੈਂਦਾ ਹੈ ਤਾਂ ਉਸ ਦੇ ਲਈ ਵੀ ਵਿਰੋਧੀ ਧਿਰਾਂ ਤਿਆਰ ਹਨ ਪਰ ਕਿਸਾਨਾਂ ਦਾ ਇਹ ਮਸਲਾ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਵਾ ਕੇ ਹੱਲ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਅਤੇ ਗੁਆਂਢੀ ਦੇਸ਼ ਇੱਥੇ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਫਿਰਾਕ ਵਿਚ ਰਹਿੰਦਾ ਹੈ ਉਸ ਦਾ ਪ੍ਰਤੱਖ ਇਸ ਗੱਲ ਤੋਂ ਵੀ ਮਿਲ ਜਾਂਦਾ ਹੈ ਕਿ ਬੀਤੇ ਸਮੇਂ ਦੌਰਾਨ ਡਰੋਨਾਂ ਰਾਹੀਂ ਕਦੇ ਹਥਿਆਰ ਤੇ ਕਦੇ ਨਸ਼ਾ ਭਾਰਤ ਵਿਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਜਦੋਂ ਪੰਜਾਬ ਅਤੇ ਹੋਰ ਕਾਂਗਰਸੀ ਸੰਸਦ ਮੈਂਬਰਾਂ ਨੇ ਸਰਕਾਰ ਨਾਲ ਇਸ ਮਸਲੇ ਤੇ ਮੁਲਾਕਾਤ ਕੀਤੀ ਸੀ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਹ ਗੱਲ ਸਪੱਸ਼ਟ ਤੌਰ ’ਤੇ ਦੱਸੀ ਗਈ ਸੀ ਕਿ ਪੰਜਾਬ ਵਿਚ ਜੇ ਮਾਹੌਲ ਵਿਗੜਿਆ ਤਾਂ ਉਸ ਦਾ ਅਸਰ ਸਿਰਫ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਤੇ ਪੈਣਾ ਹੈ। ਉਨ੍ਹਾਂ ਕਿਹਾ ਪੰਜਾਬ ਨੇ ਪਹਿਲਾਂ ਹੀ ਬਹੁਤ ਲੰਬਾ ਸਮਾਂ ਮਾੜੇ ਦੌਰ ’ਚੋਂ ਲੰਘਣ ਦਾ ਸੰਤਾਪ ਹੰਡਾਇਆ ਹੈ ਅਤੇ ਹੁਣ ਪੰਜਾਬ ਦੀ ਅਮਨ-ਸ਼ਾਂਤੀ ਵਿਚ ਖਲਲ ਨਹੀਂ ਪੈਣਾ ਚਾਹੀਦਾ।
‘ਪੇਗਾਸਸ’ ਜਾਸੂਸੀ ਮਾਮਲੇ ’ਤੇ ਬੋਲਦਿਆਂ ਮਨੀਸ਼ ਤਿਵਾੜੀ ਨੇ ਕਿਹਾ ਕਿ ਜੇਕਰ ਸਰਕਾਰ ਸੱਚੀ ਹੈ ਤਾਂ ਦੋਵਾਂ ਸਦਨਾਂ ਵਿਚ ਇਸ ਮਸਲੇ ’ਤੇ ਚਰਚਾ ਕਰਵਾਉਣ ਤੋਂ ਕਿਉਂ ਭੱਜ ਰਹੀ ਹੈ। ਬੇਅਦਬੀ ਦੇ ਮੁੱਦੇ ’ਤੇ ਬੋਲਦਿਆਂ ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਮਸਲੇ ’ਚ ਫ਼ਾਇਰਿੰਗ ਮਾਮਲੇ ਦੀ ਜਾਂਚ ਕੁੰਵਰ ਵਿਜੇ ਪ੍ਰਤਾਪ ਵਲੋਂ ਕੀਤੀ ਗਈ ਜਿਸ ਨੂੰ ਹਾਈਕੋਰਟ ਨੇ ਖ਼ਾਰਜ ਕਰ ਦਿਤਾ ਅਤੇ ਕੁੰਵਰ ਵਿਜੇ ਪ੍ਰਤਾਪ ਵਿਰੁਧ ਵੀ ਜੋ ਟਿੱਪਣੀ ਹਾਈਕੋਰਟ ਵਲੋਂ ਆਈ ਉਸ ਤੋਂ ਬਾਅਦ ਬੋਲਣ ਨੂੰ ਰਿਹਾ ਹੀ ਕੁੱਝ ਨਹੀਂ ਕਿਉਂਕਿ ਉਸ ਦੀ ਅਣਗਹਿਲੀ ਕਰ ਕੇ ਸਰਕਾਰ ਨੂੰ ਨਮੋਸ਼ੀ ਹੋਈ। ਉਨ੍ਹਾਂ ਕਿਹਾ ਕਿ ਜੇ ਕੁੰਵਰ ਵਿਜੇ ਪ੍ਰਤਾਪ ਸੱਚਾ ਸੀ ਤਾਂ ਉਹ ਅਪਣੇ ਵਿਰੁਧ ਕੀਤੀਆਂ ਗਈਆਂ ਟਿੱਪਣੀਆਂ ਨੂੰ ਦਰੁਸਤ ਕਰਵਾਉਣ ਲਈ ਸੁਪਰੀਮ ਕੋਰਟ ਕਿਉਂ ਨਹੀਂ ਗਿਆ? ਮਨੀਸ਼ ਤਿਵਾੜੀ ਨੇ ਕਿਹਾ ਕਿ ਸਵੈਮਾਣ ਵਾਲਾ ਵਿਅਕਤੀ ਅਸਤੀਫ਼ਾ ਦੇ ਕੇ ਦੌੜਦਾ ਨਹੀਂ ਹੁੰਦਾ ਤੇ ਉਹ ਹੁਣ ਆਮ ਆਦਮੀ ਪਾਰਟੀ ਦਾ ਲੀਡਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਇੱਕਜੁਟ ਹੋ ਕੇ ਪੰਜਾਬ ਦੀਆਂ ਚੋਣਾਂ ਲੜੇਗੀ ਵੀ ਅਤੇ ਜਿੱਤੇਗੀ ਵੀ।
ਰਾਜੀਵ ਗਾਂਧੀ ਖੇਡ ਰਤਨ ਅਵਾਰਡ ਦਾ ਨਾਮ ਬਦਲ ਕੇ ਧਿਆਨ ਚੰਦ ਅਵਾਰਡ ਕੀਤੇ ਜਾਣ ਤੇ ਬੋਲਦਿਆਂ ਤਿਵਾੜੀ ਨੇ ਕਿਹਾ ਕਿ ਧਿਆਨ ਚੰਦ ਹੋਰਾਂ ਨੇ ਹਾਕੀ ਲਈ ਜੋ ਕੀਤਾ ਉਹ ਕਦੇ ਭੁਲਾਇਆ ਨਹੀਂ ਜਾ ਸਕਦਾ ਪਰ ਰਾਜੀਵ ਗਾਂਧੀ ਨੇ ਦੇਸ਼ ਲਈ ਆਪਣੀ ਜਾਨ ਤਕ ਦੇ ਦਿਤੀ। ਉਨਾਂ ਕਿਹਾ ਕਿ ਬਜਾਇ ਕਿ ਰਾਜੀਵ ਗਾਂਧੀ ਅਵਾਰਡ ਦਾ ਨਾਮ ਬਦਲਿਆ ਜਾਂਦਾ ਸਰਕਾਰ ਨੂੰ ਇੱਕ ਹੋਰ ਨਵਾਂ ਅਵਾਰਡ ਸਥਾਪਤ ਕਰਨਾ ਚਾਹੀਦਾ ਸੀ ਜਿਵੇਂ ਯੂ.ਪੀ.ਏ ਸਰਕਾਰ ਨੇ ਦਾਦਾ ਸਾਹਿਬ ਫਾਲਕੇ ਅਵਾਰਡ ਸਮੇਂ ਕੀਤਾ ਸੀ।
Ldh_Parmod_7_6:
ਲੁਧਿਆਣਾ ਪਹੁੰਚੇ ਸੰਸਦ ਮੈਂਬਰ ਮਨੀਸ਼ ਤਿਵਾੜੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। (ਫੋਟੋ: ਚੰਦਰ ਮੋਹਣ ਗੋਲਡੀ)