ਪੀਐਸਪੀਸੀਐਲ ਵਲੋਂ ਸਹੀ ਫ਼ੈਸਲੇ ਨਾ ਕਰਨ ਕਾਰਨ ਬਲਦੇਵ ਸਿੰਘ ਸਰਾਂ ਨੂੰ ਹਾਈ ਕੋਰਟ ਨੇ ਕੀਤਾ ਤਲਬ

ਏਜੰਸੀ

ਖ਼ਬਰਾਂ, ਪੰਜਾਬ

ਪੀਐਸਪੀਸੀਐਲ ਵਲੋਂ ਸਹੀ ਫ਼ੈਸਲੇ ਨਾ ਕਰਨ ਕਾਰਨ ਬਲਦੇਵ ਸਿੰਘ ਸਰਾਂ ਨੂੰ ਹਾਈ ਕੋਰਟ ਨੇ ਕੀਤਾ ਤਲਬ

image

 


ਚੰਡੀਗੜ੍ਹ, 7 ਅਗੱਸਤ (ਸੁਰਜੀਤ ਸਿੰਘ ਸੱਤੀ) : ਪੀਐਸਪੀਸੀਐਲ ਵਲੋਂ ਸਹੀ ਫ਼ੈਸਲੇ ਨਾ ਕਰਨ ਕਾਰਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਨੂਪ ਇੰਦਰ ਸਿੰਘ ਗਰੇਵਾਲ ਦੇ ਬੈਂਚ ਨੇ ਕਾਰਪੋਰੇਸ਼ਨ ਦੇ ਚੇਅਰਮੈਨ ਕਮ ਐਮਡੀ ਬਲਦੇਵ ਸਿੰਘ ਸਰਾਂ ਨੂੰ ਨਿਜੀ ਤੌਰ ’ਤੇ ਪੇਸ਼ ਹੋਣ ਦਾ ਹੁਕਮ ਦਿਤਾ ਹੈ।
ਪੀਐਸਪੀਸੀਐਲ ਦੇ ਮੁਲਾਜ਼ਮ ਰਾਜਿੰਦਰ ਕੁਮਾਰ ਨੇ ਐਡਵੋਕੇਟ ਐਚ.ਸੀ.ਅਰੋੜਾ ਰਾਹੀਂ ਪਟੀਸ਼ਨ ਦਾਖ਼ਲ ਕਰ ਕੇ ਦੋਸ਼ ਲਗਾਇਆ ਹੈ ਕਿ ਉਸ ਦੀਆਂ ਚਾਰ ਇੰਕਰੀਮੈਂਟਾਂ ਰੋਕ ਦਿਤੀਆਂ ਗਈਆਂ ਸੀ ਤੇ ਇਸ ਵਿਰੁਧ ਕਾਰਪੋਰੇਸ਼ਨ ਦੀ ਅਪੀਲ ਅਥਾਰਟੀ ਕੋਲ ਅਪੀਲ ਦਾਖ਼ਲ ਕੀਤੀ ਗਈ, ਜਿਹੜੀ ਕਿ ਬਿਨਾਂ ਕਾਰਨ ਦੱਸੇ ਰੱਦ ਕਰ ਦਿਤੀ ਗਈ। ਇਸ ’ਤੇ ਉਸ ਨੇ ਹਾਈ ਕੋਰਟ ਪਹੁੰਚ ਕੀਤੀ ਤੇ ਹਾਈਕੋਰਟ ਨੇ ਸਪੀਕਿੰਗ ਆਰਡਰ (ਕਾਰਨ ਦਸਦਿਆਂ) ਅਪੀਲ ਦਾ ਫ਼ੈਸਲਾ ਕਰਨ ਦੀ ਹਦਾਇਤ ਕੀਤੀ ਪਰ ਇਸ ਦੇ ਬਾਵਜੂਦ ਮੁੜ ਨਾਨ ਸਪੀਕਿੰਗ ਆਰਡਰ (ਕਾਰਨ ਦਸੇ ਬਗ਼ੈਰ) ਪਾਸ ਕਰ ਦਿਤਾ ਗਿਆ। ਜਦੋਂਕਿ ਹਾਈ ਕੋਰਟ ਨੇ ਕਾਰਪੋਰੇਸ਼ਨ ਨੂੰ ਇਥੋਂ ਤਕ ਹਦਾਇਤ ਕੀਤੀ ਸੀ ਕਿ ਅਪੀਲ ਦੀ ਸੁਣਵਾਈ ਕਰਦਿਆਂ ਪਟੀਸ਼ਨਰ ਨੂੰ ਨਿਜੀ ਤੌਰ ’ਤੇ ਪੇਸ਼ ਹੋ ਕੇ ਸੁਣਵਾਈ ਦਾ ਮੌਕਾ ਵੀ ਦਿਤਾ ਜਾਵੇ ਪਰ ਅਜਿਹਾ ਨਹੀਂ ਕੀਤਾ ਗਿਆ। ਬੈਂਚ ਨੇ ਕਿਹਾ ਹੈ ਕਿ ਅਪੀਲ ਅਥਾਰਟੀ ਵਲੋਂ ਪਾਸ ਕੀਤੇ ਹੁਕਮ ਨੂੰ ਵੇਖਣ ਤੋਂ ਪਤਾ ਚੱਲਦਾ ਹੈ ਕਿ ਇਹ ਨਾਨ ਸਪੀਕਿੰਗ ਆਰਡਰ ਹਨ। ਬੈਂਚ ਨੇ ਆਬਜਰਵ ਕੀਤਾ ਕਿ ਅਜਿਹੇ ਕਈ ਮਾਮਲੇ ਹਾਈਕੋਰਟ ਦੇ ਸਾਹਮਣੇ ਆ ਚੁੱਕੇ ਹਨ, ਜਿਥੇ ਸਪੀਕਿੰਗ ਆਰਡਰ ਦੇ ਨਾਲ ਫ਼ੈਸਲੇ ਲੈਣ ਦੀ ਹਦਾਇਤ ਕੀਤੇ ਹੋਏ ਹੋਣ ਦੇ ਬਾਵਜੂਦ ਕਾਰਪੋਰੇਸ਼ਨ ਵਲੋਂ ਨਾਨ ਸਪੀਕਿੰਗ ਆਰਡਰ ਪਾਸ ਕੀਤੇ ਜਾ ਰਹੇ ਹਨ। ਬੈਂਚ ਨੇ ਕਿਹਾ ਹੈ ਕਿ ਅਜਿਹੇ ਵਿਚ ਹੁਣ ਚੇਅਰਮੈਨ ਕਮ ਐਮਡੀ ਨਿਜੀ ਤੌਰ ’ਤੇ ਪੇਸ਼ ਹੋ ਕੇ ਦੱਸੇ ਕਿ ਆਖਰ ਕਾਰਪੋਰੇਸ਼ਨ ਦੀ ਅਪੀਲ ਅਥਾਰਟੀ ਵਲੋਂ ਨਾਨ ਸਪੀਕਿੰਗ ਆਰਡਰ ਕਿਉਂ ਪਾਸ ਕੀਤੇ ਜਾ ਰਹੇ ਹਨ।