ਜੇਲ ਦੇ ਸਹਾਇਕ ਸੁਪਰਡੈਂਟ ਬਿੰਨੀ ਟਾਂਕ ਨੂੰ ਜੇਲ ’ਚ ਹੈਰੋਇਨ ਸਮੇਤ ਕੀਤਾ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਜੇਲ ਦੇ ਸਹਾਇਕ ਸੁਪਰਡੈਂਟ ਬਿੰਨੀ ਟਾਂਕ ਨੂੰ ਜੇਲ ’ਚ ਹੈਰੋਇਨ ਸਮੇਤ ਕੀਤਾ ਕਾਬੂ

image

 


ਫ਼ਰੀਦਕੋਟ, 7 ਅਗੱਸਤ (ਗੁਰਿੰਦਰ ਸਿੰਘ) : ਅੱਜ ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਉਸ ਸਮੇਂ ਸੁਰਖ਼ੀਆਂ ’ਚ ਆ ਗਈ, ਜਦੋਂ ਇਸ ਜੇਲ ’ਚ ਕੰਮ ਕਰਨ ਵਾਲੇ ਲੋਕਾਂ ’ਚ ਜੇਲ ਦੇ ਵਾਰਡਨ ਜਸਵੀਰ ਸਿੰਘ ਨੇ ਸਹਾਇਕ ਸੁਪਰਡੈਂਟ ਬਿੰਨੀ ਟਾਂਕ ਨੂੰ ਨਸ਼ੀਲੇ ਪਾਊਡਰ (ਹੈਰੋਇਨ) ਅਤੇ ਇਕ ਨਵੇਂ ਮੋਬਾਈਲ ਸਮੇਤ ਤਲਾਸ਼ੀ ਦੌਰਾਨ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ, ਜੋ ਕਿ ਬਹੁਤ ਵੱਡੀ ਗੱਲ ਹੈ।
ਪ੍ਰੈਸ ਕਾਨਫ਼ਰੰਸ ਦੌਰਾਨ ਜੇਲ ਸੁਪਰਡੈਂਟ ਰਾਜੀਵ ਅਰੋੜਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਡੀ.ਜੀ.ਪੀ ਜੇਲ ਨੂੰ ਸਖ਼ਤ ਕਦਮ ਚੁਕਣ ਲਈ ਸਖ਼ਤ ਹੁਕਮ ਜਾਰੀ ਕੀਤੇ ਹਨ ਜਿਸ ਕਾਰਨ ਅੱਜ ਸਾਡੇ ਜੇਲ ਵਾਰਡਨ ਜਸਵੀਰ ਸਿੰਘ ਨੇ ਤਲਾਸ਼ੀ ਦੌਰਾਨ ਸਹਾਇਕ ਸੁਪਰਡੈਂਟ ਜੇਲ ਬਿੰਨੀ ਟਾਂਕ ਨੂੰ ਫੜ ਲਿਆ ਜਿਸ ਦੀ ਸਰੀਰਕ ਤਲਾਸ਼ੀ ਲੈਣ ਲੱਗਾ ਤਾਂ ਉਹ ਜਸਵੀਰ ਸਿੰਘ ਨਾਲ ਝਗੜਾ ਕਰਨ ਲੱਗਾ ਅਤੇ ਉਸ ਦੇ ਹੱਥ ’ਚੋਂ ਫ਼ਾਈਲ ਖੋਹ ਕੇ ਦਫ਼ਤਰ ਵਲ ਭੱਜਿਆ। ਜੇਲ ਵਾਰਡਨ ਜਸਵੀਰ ਸਿੰਘ ਅਤੇ ਉਸ ਦੇ 2 ਸਾਥੀਆਂ ਨੇ ਪਿੱਛੇ ਭੱਜ ਕੇ ਉਸ ਨੂੰ ਫੜਨ ਲਈ ਫ਼ਾਈਲ ਦੀ ਤਲਾਸ਼ੀ ਲਈ ਤਾਂ ਛੋਟਾ ਪੈਕਿਟ ਨਸ਼ੀਲਾ ਪਾਊਡਰ ਜੋ ਕਿ ਕਰੀਬ 79 ਗ੍ਰਾਮ ਹੈ ਅਤੇ ਇਕ ਨਵਾਂ ਮੋਬਾਈਲ ਫ਼ੋਨ ਬਰਾਮਦ ਕੀਤਾ। ਉਸ ਦੀ ਕਾਰ ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ 69 ਹਜ਼ਾਰ 500 ਰੁਪਏ ਬਰਾਮਦ ਹੋਏ ਜਿਸ ’ਤੇ ਉਸ ਨੂੰ ਕਾਬੂ ਕ ਰਕੇ ਸਿਟੀ ਪੁਲਿਸ ਦੇ ਹਵਾਲੇ ਕਰ ਦਿਤਾ ਹੈ।
ਇਕ ਹੋਰ ਪ੍ਰੈਸ ਕਾਨਫ਼ਰੰਸ ਦੌਰਾਨ ਜਸਮੀਤ ਸਿੰਘ ਡੀਐਸਪੀ ਫ਼ਰੀਦਕੋਟ ਨੇ ਦਸਿਆ ਕਿ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਫ਼ਰੀਦਕੋਟ ਵਿਖੇ ਫੜੇ ਗਏ ਸਹਾਇਕ ਸੁਪਰਡੈਂਟ ਬਿੰਨੀ ਟਾਂਕ ਵਿਰੁਧ ਡਿਊਟੀ ਵਿਚ ਵਿਘਨ ਪਾਉਣ, ਜੇਲ ਨਿਯਮਾਂ ਦੀ ਉਲੰਘਣਾ ਕਰਨ ਅਤੇ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਉਸ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ ਜਿਸ ਤੋਂ ਪੁਛਗਿਛ ਦੌਰਾਨ ਉਸ ਦੇ ਗਿੱਦੜਬਾਹਾ ਸਥਿਤ ਘਰ ਵਿਚੋਂ ਉਸ ਦੀ ਨਿਸ਼ਾਨ ਦੇਹੀ ’ਤੇ ਕਰੀਬ 6 ਲੱਖ ਰੁਪਏ ਡਰੱਗ ਮਨੀ ਵੀ ਬ੍ਰਾਮਦ ਹੋਈ ਹੈ। ਉਨ੍ਹਾਂ ਦਸਿਆ ਕਿ ਸਖ਼ਤੀ ਨਾਲ ਕੀਤੀ ਗਈ ਪੁਛਗਿਛ ਤੋਂ ਬਾਅਦ ਸੂਰਜ ਘਾਰੂ ਨਾਮੀ ਵਿਅਕਤੀ ਜੋ ਬਸਤੀ ਭੱਟੀਆਂ ਵਾਲੀ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਹੈ, ਨੂੰ ਵੀ ਐਨਡੀਪੀਐਸ ਐਕਟ ਤਹਿਤ ਨਾਮਜ਼ਦ ਕੀਤਾ ਗਿਆ ਹੈ।    
ਫੋਟੋ :- ਕੇ.ਕੇ.ਪੀ.-ਗੁਰਿੰਦਰ-7-11ਕੇ