ਮਮਤਾ! ਪੁੱਤ ਦੇ ਪੈਰ 'ਤੇ ਸੱਟ ਲੱਗਣ ਕਰ ਕੇ ਮਾਂ ਰੋਜ਼ ਰੇਹੜੀ 'ਤੇ ਛੱਡਣ ਜਾਂਦੀ ਹੈ ਸਕੂਲ  

ਏਜੰਸੀ

ਖ਼ਬਰਾਂ, ਪੰਜਾਬ

ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਗੁਰਵਿੰਦਰ ਇਕ ਮਜ਼ਦੂਰ ਪਰਿਵਾਰ ਦਾ ਬੱਚਾ ਹੈ ਜਿਸ ਦੇ ਪਿਤਾ ਦਿਹਾੜੀ ਕਰ ਕੇ ਬੱਚੇ ਨੂੰ ਪੜ੍ਹਾ ਰਹੇ ਹਨ। 

File Photo

 

ਕਿਸ਼ਨਗੜ੍ਹ - ਬੱਚਿਆਂ ਨੂੰ ਉਚੇਰੀ ਸਿੱਖਿਆ ਦੇਣ ਲਈ ਮਾਪੇ ਆਪਣੀ ਜੀਅ ਜਾਨ ਲਗਾ ਦਿੰਦੇ ਹਨ। ਜਿਸ ਦੀ ਮਿਸਾਲ ਕਿਸ਼ਨਗੜ੍ਹ ਦੀ ਇਕ ਮਾਂ ਨੇ ਪੇਸ਼ ਕੀਤੀ ਹੈ। ਅੱਜ ਸਬ ਡਿਵੀਜ਼ਨ ਬੁਢਲਾਡਾ ਦੇ ਪਿੰਡ ਕਿਸ਼ਨਗੜ੍ਹ ਵਿਚ ਇਕ ਅਲੱਗ ਹੀ ਤਰ੍ਹਾਂ ਦੀ ਦਿਲ ਨੂੰ ਛੂਹਣ ਵਾਲੀ ਤਸਵੀਰ ਦੇਖਣ ਨੂੰ ਮਿਲੀ। ਕਿਸ਼ਨਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਗੁਰਵਿੰਦਰ ਸਿੰਘ ਜੋ ਸੱਤਵੀਂ (ਏ) ਜਮਾਤ ਦਾ ਵਿਦਿਆਰਥੀ ਹੈ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਗੜ੍ਹ ਜ਼ਿਲ੍ਹਾ ਮਾਨਸਾ ਵਿਖੇ ਪੜ੍ਹ ਰਿਹਾ ਹੈ।

ਉਸ ਦੇ ਪੈਰ 'ਤੇ ਸੱਟ ਲੱਗ ਜਾਣ ਕਰਕੇ ਇਹ ਵਿਦਿਆਰਥੀ ਤੁਰ ਕੇ ਸਕੂਲ ਨਹੀਂ ਜਾ ਸਕਦਾ ਸੀ ਤਾਂ ਮਾਂ ਆਪਣੇ ਪੁੱਤਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਤੇ ਇਮਤਿਹਾਨ ਦੀ ਅਹਿਮੀਅਤ ਨੂੰ ਸਮਝਦੇ ਹੋਏ ਉਸ ਨੂੰ ਰਿਕਸ਼ਾ ਰੇਹੜੀ ਵਿਚ ਬਿਠਾ ਕੇ ਹਰ ਰੋਜ਼ ਸਕੂਲ ਛੱਡਣ ਆਉਂਦੀ ਹੈ। ਗੁਰਵਿੰਦਰ ਸਿੰਘ ਦੀ ਮਾਤਾ ਨੇ ਕਿਹਾ ਕਿ ਗੁਰਵਿੰਦਰ ਸਿੰਘ ਦੇ ਸੱਟ ਵੱਜਣ ਕਾਰਨ ਉਸ ਨੂੰ ਚੱਲਣ ਵਿਚ ਮੁਸ਼ਕਲ ਆ ਰਹੀ ਸੀ ਅਤੇ ਇਸ ਦੀ ਪੜ੍ਹਾਈ ਨੂੰ ਦੇਖ ਦੇ ਹੋਏ ਉਨ੍ਹਾਂ ਵੱਲੋਂ ਰਿਕਸ਼ੇ ਉੱਪਰ ਬਿਠਾ ਕੇ ਗੁਰਵਿੰਦਰ ਨੂੰ ਸਕੂਲ ਛੱਡਿਆ ਜਾਂਦਾ ਹੈ ਤਾਂ ਕਿ ਬੱਚੇ ਦਾ ਭਵਿੱਖ ਉੱਜਵਲ ਕੀਤਾ ਜਾਵੇ ਅਤੇ ਇਸ ਦੀ ਪੜ੍ਹਾਈ ਵਿਚ ਕੋਈ ਵਿਘਨ ਨਾ ਪਵੇ। 

ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਕਸ਼ਮੀਰ ਸਿੰਘ ਨੇ ਕਿਹਾ ਕਿ ਗੁਰਵਿੰਦਰ ਸਿੰਘ ਜੋ ਕਿ ਸੱਤਵੀਂ ਕਲਾਸ ਦਾ ਵਿਦਿਆਰਥੀ ਹੈ, ਉਹ ਪੜ੍ਹਨ ਵਿਚ ਕਾਫ਼ੀ ਰੁਚੀ ਰੱਖਦਾ ਹੈ ਅਤੇ ਹੋਣਹਾਰ ਬੱਚਾ ਹੈ ਜਿਸ ਦੇ ਕੁਝ ਦਿਨ ਪਹਿਲਾਂ ਪੈਰ ਉੱਪਰ ਸੱਟ ਵੱਜ ਗਈ ਸੀ ਤੇ ਉਸ ਨੂੰ ਚੱਲਣ ਵਿਚ ਦਿੱਕਤ ਆ ਰਹੀ ਸੀ, ਬੱਚਿਆਂ ਦੇ ਇਮਤਿਹਾਨ ਚੱਲ ਰਹੇ ਹਨ ਜਿਸ ਨੂੰ ਦੇਖਦੇ ਹੋਏ ਉਨ੍ਹਾਂ ਦੀ ਮਾਤਾ ਆਪਣੇ ਪੁੱਤਰ ਗੁਰਵਿੰਦਰ ਸਿੰਘ ਨੂੰ ਰਿਕਸ਼ੇ ਉੱਪਰ ਬਿਠਾ ਕੇ ਹਰ ਰੋਜ਼ ਸਕੂਲ ਲੈ ਕੇ ਆਉਂਦੀ ਹੈ ਤਾਂ ਕਿ ਉਹ ਆਪਣੇ ਇਮਤਿਹਾਨ ਦੇ ਸਕੇ। ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਗੁਰਵਿੰਦਰ ਇਕ ਮਜ਼ਦੂਰ ਪਰਿਵਾਰ ਦਾ ਬੱਚਾ ਹੈ ਜਿਸ ਦੇ ਪਿਤਾ ਦਿਹਾੜੀ ਕਰ ਕੇ ਬੱਚੇ ਨੂੰ ਪੜ੍ਹਾ ਰਹੇ ਹਨ।