ਦੋ ਛੋਟੀਆਂ ਬੱਚੀਆਂ ਨਾਲ ਅਧਿਆਪਕ ਵਲੋਂ ਜਿਸਮਾਨੀ ਛੇੜਛਾੜ, ਪਰਚਾ ਦਰਜ, ਗ੍ਰਿਫ਼ਤਾਰ
ਦੋ ਛੋਟੀਆਂ ਬੱਚੀਆਂ ਨਾਲ ਅਧਿਆਪਕ ਵਲੋਂ ਜਿਸਮਾਨੀ ਛੇੜਛਾੜ, ਪਰਚਾ ਦਰਜ, ਗ੍ਰਿਫ਼ਤਾਰ
ਅਮਰਗੜ੍ਹ, 7 ਅਗੱਸਤ (ਬਲਵਿੰਦਰ ਸਿੰਘ ਭੁੱਲਰ) : ਅਧਿਆਪਕ ਦਾ ਕਿੱਤਾ ਬਹੁਤ ਇੱਜਤਦਾਰ ਤੇ ਸਨਮਾਨਯੋਗ ਹੈ ਜਿਸ ਕਰ ਕੇ ਉਨ੍ਹਾਂ ਨੂੰ ਕੌਮ ਦੇ ਉਸਰਈਏ ਦਾ ਲਕਬ ਵੀ ਦਿਤਾ ਗਿਆ ਹੈ ਪਰ ਇਸ ਪਵਿੱਤਰ ਕਿੱਤੇ ਦੀ ਆਬਰੂ ਉਸ ਸਮੇਂ ਸ਼ਰਮਸਾਰ ਅਤੇ ਦਾਗਦਾਰ ਹੋ ਗਈ ਜਦੋਂ ਸਰਕਾਰੀ ਪ੍ਰਾਇਮਰੀ ਸਕੂਲ ਸੇਹਕੇ ਵਿਖੇ ਪੜ੍ਹਦੀਆਂ ਦੋ ਛੋਟੀਆਂ ਬੱਚੀਆਂ ਨਾਲ ਉਨ੍ਹਾਂ ਦੇ ਅਧਿਆਪਕ ਵਲੋਂ ਲੰਮਾ ਸਮਾਂ ਜਿਸਮਾਨੀ ਛੇੜਛਾੜ ਕੀਤੀ ਜਾਂਦੀ ਰਹੀ। ਜਿਸਮਾਨੀ ਛੇੜਛਾੜ ਦੀਆਂ ਸ਼ਿਕਾਰ ਇਹ ਮਾਸੂਮ ਤੇ ਅਣਭੋਲ ਛੋਟੀਆਂ ਬੱਚੀਆਂ ਦੀ ਉਮਰ ਤਕਰੀਬਨ 10 ਸਾਲ ਹੈ ਜਿੰਨ੍ਹਾਂ ਦੇ ਪ੍ਰਵਾਰਾਂ ਵਲੋਂ ਥਾਣਾ ਅਮਰਗੜ੍ਹ ’ਚ ਇਸ ਅਧਿਆਪਕ ਵਿਰੁਧ ਸ਼ਿਕਾਇਤ ਦਰਜ਼ ਕਰਵਾਈ ਗਈ।
ਪੀੜਤ ਪ੍ਰਵਾਰਾਂ ਵਲੋਂ ਥਾਣੇ ’ਚ ਦਿਤੀ ਦਰਖਾਸਤ ਦੀ ਪੜਤਾਲ ਉਪਰੰਤ ਪੁਲਿਸ ਵਲੋਂ ਸਬੰਧਤ ਅਧਿਆਪਕ ਉੱਪਰ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 376, 354ਏ, ਅਤੇ 506 ਤੋਂ ਇਲਾਵਾ ਪੋਕਸੋ ਐਕਟ 2012 ਤਹਿਤ ਥਾਣਾ ਅਮਰਗੜ੍ਹ ’ਚ ਬੀਤੀ 6 ਅਗੱਸਤ ਨੂੰ ਪਰਚਾ ਦਰਜ ਕੀਤਾ ਗਿਆ ਤੇ ਗ੍ਰਿਫਤਾਰ ਕਰ ਕੇ ਅਦਾਲਤ ਪਾਸੋਂ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਗਿਆ ਤਾਂ ਕਿ ਉਸ ਵਲੋਂ ਕੀਤੀਆਂ ਕਰਤੂਤਾਂ ਦਾ ਪਰਦਾਫ਼ਾਸ਼ ਕੀਤਾ ਜਾ ਸਕੇ।
ਅਧਿਆਪਕ ਦੀ ਹੈਵਾਨੀਅਤ ਦਾ ਸ਼ਿਕਾਰ ਹੋਈਆਂ ਇਹ ਦੋਵੇਂ ਬੱਚੀਆਂ ਅਤੇ ਉਨ੍ਹਾਂ ਦਾ ਪ੍ਰਵਾਰ ਗਹਿਰੇ ਸਦਮੇ ਵਿਚ ਹੈ ਜਦ ਕਿ ਪਿੰਡ ਵਾਸੀਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਸ ਅਧਿਆਪਕ ਨੂੰ ਮਿਸਾਲੀ ਸਜਾ ਦਿਤੀ ਜਾਵੇ। ਬੱਚੀਆਂ ਦੇ ਪ੍ਰਵਾਰਾਂ ਵਲੋਂ ਦਸਿਆ ਗਿਆ ਕਿ ਇਹ ਅਧਿਆਪਕ ਸਕੂਲ ਵਿਚ ਛੁੱਟੀ ਹੋ ਜਾਣ ਤੋਂ ਬਾਅਦ ਇਨ੍ਹਾਂ ਦੋਵਾਂ ਬੱਚੀਆਂ ਨੂੰ ਘਰ ਵਾਪਸ ਜਾਣ ਤੋਂ ਰੋਕ ਲੈਂਦਾ ਸੀ ਅਤੇ ਉਨ੍ਹਾਂ ਨੂੰ ਅਸ਼ਲੀਲ ਵੀਡੀਉਜ਼ ਵਿਖਾਉਣ ਤੋਂ ਬਾਅਦ ਉਨ੍ਹਾਂ ਨਾਲ ਜਿਸਮਾਨੀ ਛੇੜਛਾੜ ਵੀ ਕਰਦਾ ਸੀ।
ਪ੍ਰਵਾਰਾਂ ਵਲੋਂ ਇਹ ਵੀ ਦਸਿਆ ਗਿਆ ਕਿ ਇਹ ਅਧਿਆਪਕ ਬੱਚੀਆਂ ਨੂੰ ਲਗਾਤਾਰ ਡਰਾਉਂਦਾ ਤੇ ਧਮਕਾਉਂਦਾ ਵੀ ਰਿਹਾ ਕਿ ਅਗਰ ਉਨ੍ਹਾਂ ਘਰ ਜਾ ਕੇ ਕੋਈ ਗੱਲਬਾਤ ਕੀਤੀ ਤਾਂ ਉਹ ਉਨ੍ਹਾਂ ਦੋਵਾਂ ਦੇ ਮਾਤਾ ਪਿਤਾ ਨੂੰ ਮਾਰ ਦੇਵੇਗਾ।
1