ਸਰਕਾਰੀ ਰਿਹਾਇਸ਼ ਦੇ ਨਵੀਨੀਕਰਨ ਬਾਰੇ ਵਿੱਤ ਮੰਤਰੀ ਨੇ ਕਿਹਾ- ਮੈਂ ਮੰਤਰੀ ਨਾਲ ਗੱਲ ਕੀਤੀ ਹੈ, ਵਾਇਰਲ ਪੱਤਰ ਝੂਠਾ

ਏਜੰਸੀ

ਖ਼ਬਰਾਂ, ਪੰਜਾਬ

ਹਰਪਾਲ ਚੀਮਾ ਨੇ ਕਿਹਾ ਹੈ ਕਿ ਉਹ ਸੈਰ ਸਪਾਟਾ ਮੰਤਰੀ ਨਾਲ ਇਸ ਬਾਰੇ ਗੱਲ ਕਰ ਚੁੱਕੇ ਹਨ ਉਹਨਾਂ ਨੇ ਅਜਿਹੀ ਕੋਈ ਚਿੱਠੀ ਨਹੀਂ ਭੇਜੀ ਹੈ।

Harpal Cheema, Anmol Gagan Mann

ਚੰਡੀਗੜ੍ਹ - ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਦੀ ਸਰਕਾਰੀ ਰਿਹਾਇਸ਼ ਦੇ ਨਵੀਨੀਕਰਨ ਦੇ ਪੱਤਰ ਨੂੰ ਲੈ ਕੇ ਲਗਾਤਾਰ ਹੰਗਾਮਾ ਹੋ ਰਿਹਾ ਹੈ। ਵਿਰੋਧੀ ਲਗਾਤਾਰ ਇਸ ਪੱਤਰ ਨੂੰ ਲੈ ਕੇ ਸਰਕਾਰ ਨੂੰ ਸਵਾਲ ਕਰ ਰਹੇ ਹਨ। ਇਸੇ ਵਿਚਕਾਰ ਇਸੇ ਮੁੱਦੇ ਨੂੰ ਲੈ ਕੇ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਦਾ ਬਿਆਨ ਸਾਹਮਣੇ ਆਇਆ ਹੈ। ਹਰਪਾਲ ਚੀਮਾ ਨੇ ਕਿਹਾ ਹੈ ਕਿ ਉਹ ਸੈਰ ਸਪਾਟਾ ਮੰਤਰੀ ਨਾਲ ਇਸ ਬਾਰੇ ਗੱਲ ਕਰ ਚੁੱਕੇ ਹਨ ਉਹਨਾਂ ਨੇ ਅਜਿਹੀ ਕੋਈ ਚਿੱਠੀ ਨਹੀਂ ਭੇਜੀ ਹੈ।

ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਇਹ ਝੂਠਾ ਪੱਤਰ ਹੈ। ਅਨਮੋਲ ਗਗਨ ਮਾਨ ਨੇ ਵਿਭਾਗ ਨੂੰ ਅਜਿਹੀ ਕੋਈ ਸੂਚੀ ਨਹੀਂ ਭੇਜੀ। ਰੁਟੀਨ ਦਾ ਕੰਮ ਚੱਲ ਰਿਹਾ ਹੈ। ਸਰਕਾਰ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਅਕਾਲੀ ਦਲ ਅਤੇ ਕਾਂਗਰਸ ਝੂਠ ਬੋਲਣ ਦੇ ਆਦੀ ਹਨ। ਭਾਜਪਾ ਦਾ ਆਈਟੀ ਵਿੰਗ ਵੀ ਝੂਠ ਬੋਲਦਾ ਰਹਿੰਦਾ ਹੈ। ਇਸ ਸਬੰਧੀ ਕਾਰਵਾਈ ਕਰਨਾ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਦਾ ਅਧਿਕਾਰ ਖੇਤਰ ਹੈ।

ਮੰਤਰੀ ਅਨਮੋਲ ਗਗਨ ਮਾਨ ਦੇ ਨਾਂ 'ਤੇ ਇਕ ਚਿੱਠੀ ਵਾਇਰਲ ਹੋਈ ਸੀ। ਜਿਸ ਵਿਚ ਮੰਤਰੀ ਦੇ ਦਸਤਖ਼ਤ ਹੋਣ ਦਾ ਦਾਅਵਾ ਕੀਤਾ ਗਿਆ ਹੈ। ਚਿੱਠੀ ਵਿਚ ਲਿਖਿਆ ਹੋਇਆ ਹੈ ਕਿ ਸਰਕਾਰੀ ਰਿਹਾਇਸ਼ ਵਿਚ ਸਵੀਮਿੰਗ ਪੂਲ ਬਣਾਇਆ ਜਾਵੇ। ਹਰ ਕਮਰੇ ਵਿਚ 65 ਇੰਚ ਦੀ LED ਲਗਾਈ ਜਾਵੇ। ਇਸ ਸੂਚੀ ਨੂੰ ਸਾਂਝਾ ਕਰਦੇ ਹੋਏ ਕਾਂਗਰਸ ਨੇ ਵੀ ਨਿਸ਼ਾਨਾ ਸਾਧਿਆ ਸੀ ਤੇ ਕਿਹਾ ਸੀ ਕਿ ਮੰਤਰੀ ਨੇ ਉਨ੍ਹਾਂ ਨੂੰ ਚੰਡੀਗੜ੍ਹ ਵਿਚ ਅਲਾਟ ਕੀਤੇ 39 ਸਰਕਾਰੀ ਮਕਾਨ ਨੰਬਰ 953 ਵਿਚ 34 ਕੰਮ ਦੱਸੇ ਹਨ। 

ਕਾਂਗਰਸ ਨੇ ਤਾਅਨਾ ਮਾਰਿਆ ਸੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਕਹਿੰਦੇ ਸਨ ਕਿ ਲੋਕਾਂ ਦਾ ਪੈਸਾ ਲੋਕਾਂ 'ਤੇ ਖਰਚ ਹੋਵੇਗਾ। ਕੋਈ ਸਰਕਾਰੀ ਘਰ ਨਹੀਂ ਲਵੇਗਾ, ਉਹ ਹੁਣ ਲੋਕਾਂ ਦਾ ਪੈਸਾ ਆਪਣੇ ਘਰ ਨੂੰ ਆਲੀਸ਼ਾਨ ਬੰਗਲਾ ਬਣਾਉਣ 'ਤੇ ਖਰਚ ਕਰ ਰਹੇ ਹਨ। ਤਬਦੀਲੀ ਪੂਰੇ ਜ਼ੋਰਾਂ 'ਤੇ ਹੈ।