ਮਨੀਪੁਰ ਹਿੰਸਾ ਦੇ ਸ਼ਿਕਾਰ 5 ਬੱਚੇ ਪਹੁੰਚੇ ਪੰਜਾਬ, ਅੱਖਾਂ ਸਾਹਮਣੇ ਭੀੜ ਨੇ ਸਮਾਨ ਲੁੱਟ ਕੇ ਫੂਕ ਦਿੱਤਾ ਘਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

- ਦਾਦੀ ਨਾਲ 3 ਦਿਨ ਜੰਗਲ ’ਚ ਭੁੱਖੇ ਰਹਿ ਕੇ ਬਚਾਈ ਜਾਨ

5 children victims of Manipur violence reached Punjab

- ਬੱਚਿਆਂ ਨੂੰ ਮੁਫ਼ਤ ਪੜ੍ਹਾਵੇਗਾ ਫਿਰੋਜ਼ਪੁਰ ਦਾ ਸੈਂਟ ਜੋਸਫ਼ ਹਾਈ ਸਕੂਲ 

ਫਿਰੋਜ਼ਪੁਰ (ਮਲਕੀਅਤ ਸਿੰਘ) - ਮਨੀਪੁਰ ਵਿਚ ਪਿਛਲੇ ਇਕ ਮਹੀਨੇ ਤੋਂ ਵੱਖ-ਵੱਖ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਵਿਚ ਕਈ ਲੋਕਾਂ ਦੇ ਘਰ ਵੀ ਸਾੜੇ ਗਏ ਤੇ ਲੋਕ ਬੇਘਰ ਹੋ ਗਏ। ਬੇਘਰ ਹੋਣ ਤੋਂ ਬਾਅਦ ਲੋਕ ਪਰਵਾਸ ਕਰ ਰਹੇ ਹਨ ਤੇ ਇਹਨਾਂ ਲੋਕਾਂ ਵਿਚੋਂ 5 ਬੱਚੇ ਅਜਿਹੇ ਹਨ ਜੋ ਮਨੀਪੁਰ ਦੇ ਰਹਿਣ ਵਾਲੇ ਸਨ ਤੇ ਹੁਣ ਫਿਰੋਜ਼ਪੁਰ ਪਹੁੰਚੇ ਹਨ।  

ਇਹਨਾਂ ਬੱਚਿਆਂ ਦੀ ਸਿਰਫ਼ ਇਕ ਦਾਦੀ ਹੀ ਹੈ ਜੋ ਮਨੀਪੁਰ ਵਿਚੋਂ ਨਿਕਲ ਕੇ 3 ਦਿਨ ਜੰਗਲਾਂ ਵਿਚ ਘੁੰਮਦੀ ਰਹੀ ਤੇ 3 ਦਿਨਾਂ ਬਾਅਦ ਬੱਚਿਆਂ ਨਾਲ ਫਿਰੋਜ਼ਪੁਰ ਪਹੁੰਚੀ। ਹੁਣ ਇਹਨਾਂ ਬੱਚਿਆਂ ਨੂੰ ਇੱਥੇ ਹੀ ਇਕ ਸਕੂਲ ਵਿਚ ਦਾਖਲ਼ ਕਰਵਾ ਦਿੱਤਾ ਗਿਆ ਹੈ ਤੇ ਉਹ ਪੜ੍ਹਾਈ ਕਰ ਰਹੇ ਹਨ ਪਰ ਅਜੇ ਵੀ ਡਰੇ ਹੋਏ ਹਨ। 
ਇਹਨਾਂ ਬੱਚਿਆਂ ਵਿਚੋਂ 3 ਬੱਚੇ ਉਹ ਹਨ ਜਿਹਨਾਂ ਦੇ ਮਾਪਿਆਂ ਨੂੰ ਕੁੱਝ ਸਮਾਂ ਪਹਿਲਾਂ ਅਤਿਵਾਦੀਆਂ ਨੇ ਮਾਰ ਦਿੱਤਾ ਸੀ ਤੇ 2 ਬੱਚੇ ਉਹ ਹਨ ਜਿਹਨਾਂ ਦੇ ਮਾਪੇ ਹੁਣ ਵਾਲੀ ਮਨੀਪੁਰ ਦੀ ਘਟਨਾ ਵਿਚ ਮਾਰੇ ਗਏ। 

ਰੋਜ਼ਾਨਾ ਸਪੋਕਸਮੈਨ ਨੇ ਬੱਚਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਹਿੰਦੀ ਸਪੱਸ਼ਟ ਨਹੀਂ ਬੋਲ ਪਾ ਰਹੇ ਸਨ ਇਸ ਕਰ ਕੇ ਉਹਨਾਂ ਨਾਲ ਜ਼ਿਆਦਾ ਗੱਲਬਾਤ ਨਹੀਂ ਹੋ ਸਕੀ। ਇਸ ਦੇ ਨਾਲ ਜਿਸ ਸਕੂਲ ਵਿਚ ਬੱਚੇ ਪੜ੍ਹਦੇ ਸਨ ਉਸ ਦਾ ਨਾਮ ਸੈਂਟ ਜੋਸਫ ਹਾਈ ਸਕੂਲ ਹੈ ਤੇ ਇਸ ਸਕੂਲ ਦੀ ਪ੍ਰਿੰਸੀਪਲ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਬੱਚੇ 20 ਜੁਲਾਈ ਨੂੰ ਪੰਜਾਬ ਆਏ ਸਨ ਤੇ ਉਹਨਾਂ ਦੀ ਦਾਦੀ ਨੇ ਦੱਸਿਆ ਕਿ ਉਹਨਾਂ ਦੇ ਘਰ ਦਾ ਸਾਰਾ ਸਮਾਨ ਟਰੱਕ ਵਿਚ ਲੋਡ ਕੀਤਾ ਤੇ ਘਰ ਨੂੰ ਅੱਗ ਲਗਾ ਦਿੱਤੀ ਗਈ ਤੇ ਸਮਾਨ ਲੈ ਗਏ।

ਫਿਰ ਇਹ ਉੱਥੋਂ ਭੱਜ ਆਏ ਤੇ 3 ਦਿਨਾਂ ਤੱਕ ਜੰਗਲ ਵਿਚ ਹੀ ਰਹੇ ਤੇ ਫਿਰ ਜਦੋਂ ਉੱਥੋਂ ਵੀ ਉਹਨਾਂ ਨੂੰ ਭਜਾ ਦਿੱਤਾ ਗਿਆ ਤਾਂ ਇਹ ਅਪਣੀ ਦਾਦੀ ਨਾਲ ਟਰੇਨ ਦੇ ਜ਼ਰੀਏ ਪੰਜਾਬ ਪਹੁੰਚ ਗਏ। ਪ੍ਰਿੰਸੀਪਲ ਨੇ ਦੱਸਿਆ ਕਿ 2 ਬੱਚਿਆਂ ਦਾ ਪਿਤਾ BSF ਵਿਚ ਜਵਾਨ ਹੈ ਤੇ ਉਹਨਾਂ ਨੇ ਸਾਡੇ ਨਾਲ ਬੱਚਿਆਂ ਨੂੰ ਸਕੂਲ ਵਿਚ ਦਾਖਲ ਕਰਵਾਉਣ ਲਈ ਸੰਪਰਕ ਕੀਤਾ ਸੀ ਜਿਸ ਤੋਂ ਬਾਅਦ ਬੱਚਿਆਂ ਨੂੰ ਸਕੂਲ ਵਿਚ ਦਾਖਲ ਕਰਵਾਇਆ ਗਿਆ। ਪ੍ਰਿੰਸੀਪਲ ਨੇ ਦੱਸਿਆ ਕਿ ਬੱਚਿਆਂ ਦੀ ਪੜ੍ਹਾਈ ਜਾ ਸਾਰਾ ਖਰਚਾ ਸਕੂਲ ਵੱਲੋਂ ਹੀ ਚੁੱਕਿਆ ਗਿਆ ਹੈ ਤੇ ਜੋ ਇਹਨਾਂ ਦਾ ਰਹਿਣ ਦਾ ਠਿਕਾਣਾ ਹੈ ਉਹ ਅਪਣੇ ਪਿਤਾ ਕੋਲ ਕੁਆਟਰ ਵਿਚ ਹੈ।