ਆਬਕਾਰੀ ਨੀਤੀ ਨੂੰ ਲੈ ਕੇ ਮਾਲਵਿੰਦਰ ਸਿੰਘ ਕੰਗ ਨੇ ਹਰਸਿਮਰਤ ਬਾਦਲ 'ਤੇ ਕੱਸਿਆ ਤੰਜ਼
ਪੰਜਾਬ 'ਚ ਆਬਕਾਰੀ ਨੀਤੀ 'ਤੇ ਸਿਆਸਤ ਚੱਲ ਰਹੀ
ਚੰਡੀਗੜ੍ਹ : ਪੰਜਾਬ 'ਚ ਆਬਕਾਰੀ ਨੀਤੀ 'ਤੇ ਸਿਆਸਤ ਚੱਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਪੰਜਾਬ ਆਬਕਾਰੀ ਨੀਤੀ 'ਤੇ ਸਵਾਲ ਉਠਾਉਂਦੇ ਹੋਏ ਕਾਰਵਾਈ ਕਰਨ ਲਈ ਕਿਹਾ ਸੀ।ਹਰਸਿਮਰਤ ਕੌਰ ਬਾਦਲ ਨੇ ਗ੍ਰਹਿ ਮੰਤਰੀ ਤੋਂ ਮੰਗ ਕੀਤੀ ਕਿ ਪੰਜਾਬ ਦੀ ਆਬਕਾਰੀ ਨੀਤੀ ਦੀ ਜਾਂਚ ਸੀਬੀਆਈ ਅਤੇ ਈਡੀ ਤੋਂ ਕਰਵਾਈ ਜਾਵੇ। ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਅਕਾਲੀ ਸਰਕਾਰ ਦੇ 10 ਸਾਲਾਂ 'ਤੇ ਸਵਾਲ ਚੁੱਕੇ ਹਨ।
ਇਹ ਵੀ ਪੜ੍ਹੋ: ਡੋਨਾਲਡ ਟਰੰਪ ਨੂੰ ਲੱਗਿਆ ਇਕ ਹੋਰ ਝਟਕਾ, ਐਲਿਜ਼ਾਬੈਥ ਜੀਨ ਕੈਰੋਲ ਦੇ ਖਿਲਾਫ ਮਾਣਹਾਨੀ ਦਾ ਦਾਅਵਾ ਹੋਇਆ ਖਾਰਜ
ਹਰਸਿਮਰਤ ਕੌਰ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਕਿਹਾ ਕਿ 3 ਅਗਸਤ 2023 ਨੂੰ ਲੋਕ ਸਭਾ ਵਿਚ ਹੋਈ ਚਰਚਾ ਦੌਰਾਨ ਪੰਜਾਬ ਆਬਕਾਰੀ ਨੀਤੀ 'ਤੇ ਸਵਾਲ ਉਠਾਏ ਗਏ ਸਨ। ਇਸ ਵਿੱਚ ਦਿੱਲੀ ਆਬਕਾਰੀ ਨੀਤੀ ਅਤੇ ਪੰਜਾਬ ਆਬਕਾਰੀ ਨੀਤੀ ਵਿੱਚ ਸਮਾਨਤਾਵਾਂ ਨੂੰ ਉਜਾਗਰ ਕੀਤਾ ਗਿਆ। ਸੀਬੀਆਈ ਅਤੇ ਈਡੀ ਪਹਿਲਾਂ ਹੀ ਦਿੱਲੀ ਨੀਤੀ ਦੀ ਜਾਂਚ ਕਰ ਰਹੇ ਹਨ। ਇਸ ਵਿੱਚ ਕਈ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ।
ਇਹ ਵੀ ਪੜ੍ਹੋ: ਅਮਰੀਕਾ 'ਚ ਭਿਆਨਕ ਗਰਮੀ ਦਾ ਕਹਿਰ, 147 ਲੋਕਾਂ ਦੀ ਹੋਈ ਮੌਤ
ਇਸ ਦੇ ਨਾਲ ਹੀ ਪੰਜਾਬ ਦੀ ਆਬਕਾਰੀ ਨੀਤੀ 2022-23 ਵਿਚ ਵੀ ਦਿੱਲੀ ਵਾਂਗ ਸ਼ਰਾਬ ਦਾ ਸਾਰਾ ਥੋਕ ਵਪਾਰ ਕੁਝ ਕੰਪਨੀਆਂ ਨੂੰ ਸੌਂਪਣਾ ਅਤੇ ਉਨ੍ਹਾਂ ਦੇ ਮੁਨਾਫੇ ਨੂੰ ਦੁੱਗਣਾ ਕਰਨਾ ਸਵਾਲਾਂ ਦੇ ਘੇਰੇ ਵਿਚ ਆਉਂਦਾ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਵਿੱਚ ਦਿੱਲੀ ਦੀ ਆਬਕਾਰੀ ਨੀਤੀ ਨੂੰ ਦੁਹਰਾਉਣ ਦਾ ਕਥਿਤ ਉਦੇਸ਼ ਬਦਲਾਖੋਰੀ ਦੀ ਭਾਵਨਾ ਨੂੰ ਭੜਕਾਉਣਾ ਸੀ, ਜਿਸ ਦੇ ਤਹਿਤ ਪੰਜਾਬ ਦੀ 'ਆਪ' ਸਰਕਾਰ ਅਤੇ ਦਿੱਲੀ ਵਿੱਚ 'ਆਪ' ਹਾਈਕਮਾਂਡ 'ਤੇ ਕਰੋੜਾਂ ਰੁਪਏ ਦੀ ਰਿਸ਼ਵਤ ਤਬਦੀਲ ਕਰਨ ਦੇ ਦੋਸ਼ ਹਨ।
‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਹਰਸਿਮਰਤ ਕੌਰ ਬਾਦਲ ਵਲੋਂ ਗ੍ਰਹਿ ਮੰਤਰੀ ਨੂੰ ਲਿਖੇ ਪੱਤਰ ਅਤੇ ਸੀਬੀਆਈ ਅਤੇ ਈਡੀ ਜਾਂਚ ਦੀ ਮੰਗ ਦਾ ਜਵਾਬ ਦਿਤਾ ਹੈ। ਮਾਲਵਿੰਦਰ ਸਿੰਘ ਕੰਗ ਨੇ ਅਕਾਲੀ ਦਲ ਨੂੰ ਘੇਰਦਿਆਂ ਸੰਸਦ ਮੈਂਬਰ ਹਰਸਿਮਰਤ ਕੌਰ ਨੂੰ ਕਿਹਾ-ਬੀਬਾ ਜੀ, ਆਬਕਾਰੀ ਨੀਤੀ 2007 ਤੋਂ 2017 ਤੱਕ ਤੁਹਾਡੇ ਸ਼ਾਸਨ 'ਚ ਬਣੀ ਸੀ। ਇਸ ਕਾਰਨ ਪੰਜਾਬ ਸਰਕਾਰ 10 ਸਾਲਾਂ ਵਿੱਚ ਐਕਸਾਈਜ਼ ਅਤੇ ਮਾਲੀਏ ਵਿੱਚ 2587 ਕਰੋੜ ਰੁਪਏ ਦਾ ਵਾਧਾ ਨਹੀਂ ਕਰ ਸਕੀ, ਜੋ ਕਿ ‘ਆਪ’ ਸਰਕਾਰ ਨੇ ਸਿਰਫ਼ ਇਕ ਸਾਲ ਵਿੱਚ ਹੀ ਕਰ ਦਿਤਾ ਹੈ। ਇਸ ਗਣਿਤ ਅਨੁਸਾਰ 10 ਸਾਲਾਂ ਵਿੱਚ ਤੁਸੀਂ ਪੰਜਾਬ ਦੇ ਖ਼ਜ਼ਾਨੇ ਨੂੰ 25 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾ ਕੇ ਆਪਣਾ ਘਰ ਭਰ ਲਿਆ ਹੈ। ਇਹ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ ਹੈ।