ਪਾਤੜਾਂ : ਹੜ੍ਹਾਂ ਕਾਰਨ 15 ਕਿੱਲੇ ਠੇਕੇ ’ਤੇ ਲਗਾਇਆ ਝੋਨਾ ਦੋ ਵਾਰ ਹੋਇਆ ਖ਼ਰਾਬ, ਤੰਗ ਆ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਏਜੰਸੀ

ਖ਼ਬਰਾਂ, ਪੰਜਾਬ

ਪਰਵਿੰਦਰ ਸਿੰਘ ਨੇ 10 ਲੱਖ ਰੁਪਏ ਕਰਜ਼ਾ ਲੈ ਕੇ ਲਗਾਇਆ ਸੀ ਝੋਨਾ

photo

 

ਸਮਾਣਾ : ਪਾਤੜਾਂ ਦੇ ਪਿੰਡ ਸ਼ੈਲਬਾਲ ਦੇ ਕਿਸਾਨ ਪਰਵਿੰਦਰ ਸਿੰਘ (27) ਨੇ ਕਰੀਬ 15 ਏਕੜ ਝੋਨੇ ਦੀ ਫਸਲ ਲਗਾਤਾਰ 2 ਵਾਰ ਹੜ੍ਹਾਂ ’ਚ ਖ਼ਰਾਬ ਹੋਣ ਕਾਰਨ ਤੰਗ ਆ ਕੇ ਖੁਦਕੁਸ਼ੀ ਕਰ ਲਈ । ਪੀੜਤ ਕਿਸਾਨ ਦੇ ਪ੍ਰਵਾਰ ਨੇ ਪਹਿਲਾਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਪਰ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਪੀਜੀਆਈ ਰੈਫਰ ਕਰ ਦਿਤਾ। ਉਥੇ ਇਲਾਜ ਦੌਰਨ ਕਿਸਾਨ ਨੇ ਦਮ ਤੋੜ ਦਿਤਾ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਦੇਹ ਪ੍ਰਵਾਰ ਹਵਾਲੇ ਕਰ ਦਿਤੀ। 

ਮ੍ਰਿਤਕ ਦੇ ਪਿਤਾ ਜਗਤਾਰ ਸਿੰਘ ਨੇ ਦਸਿਆ ਕਿ ਉਨ੍ਹਾਂ ਕੋਲ ਅਪਣੀ ਕਰੀਬ 2 ਏਕੜ ਜ਼ਮੀਨ ਸੀ, ਪਰ ਗਰੀਬੀ ਕਾਰਨ ਕੁੱਝ ਸਮਾਂ ਪਹਿਲਾਂ ਵਿਕ ਗਈ। ਉਨ੍ਹਾਂ ਨੇ ਤੇ ਪੁੱਤ ਨੇ ਇਸ ਵਾਰ ਕਰੀਬ 15 ਏਕੜ ਜ਼ਮੀਨ (60-65 ਹਜ਼ਾਰ ਰੁਪਏ ਪ੍ਰਤੀ ਏਕੜ। ਠੇਕੇ ਤੇ ਲੈ ਲਈ ਤੇ ਮਹਿੰਗੀ ਪੌਦ ਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਕੇ ਫਸਲ ਬੀਜੀ ਸੀ, ਪਰ ਘੱਗਰ ਦੇ ਪਾਣੀ ਨਾਲ ਫਸਲ ਤਬਾਹ ਹੋ ਗਈ। ਪਾਣੀ ਉਤਰਨ ਤੋਂ ਬਾਅਦ ਪੁੱਤ ਨੇ ਫਿਰ ਤੋਂ ਫਸਲ ਲਗਾਈ, ਪਰ ਬੰਨ੍ਹ ਟੁੱਟਣ ਨਾਲ ਫਸਲ ਫਿਰ ਬਰਬਾਦ ਹੋ ਗਈ। ਪੁੱਤਰ ਕਾਫੀ ਪ੍ਰੇਸ਼ਾਨ ਸੀ। ਉਹ ਇਹੀ ਸੋਚਦਾ ਰਹਿੰਦਾ ਸੀ ਕਿ ਤੀਸਰੀ ਵਾਰ ਕਿਵੇਂ ਫਸਲ ਬੀਜੇਗਾ ਤੇ ਕਿਵੇਂ ਜ਼ਮੀਨ ਦੇ ਮਾਲਕਾਂ ਨੂੰ ਠੇਕੇ ਦੀ ਰਕਮ ਅਦਾ ਕਰੇਗਾ। ਇਸ ਦੇ ਇਲਾਵਾ ਆੜ੍ਹਤੀਆਂ ਦਾ 8 ਤੋਂ 9 ਲੱਖ ਰੁਪਏ ਕਰਜ਼ ਸਿਰ ਤੇ ਹੈ। 

ਪਰਮਿੰਦਰ ਸਿੰਘ ਦਾ 4 ਸਾਲ ਦਾ ਬੱਚਾ ਹੈ। ਪਿੰਡ ਵਾਲਿਆਂ ਨੇ ਸਰਕਾਰ ਤੋਂ ਗੁਹਾਰ ਲਗਾਉਂਦੇ ਹੋਏ ਮ੍ਰਿਤਕ ਕਿਸਾਨ ਦੇ ਪ੍ਰਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਥਾਣਾ ਪਾਤੜਾ ਮੁਖੀ ਹਰਮਨਜੀਤ ਸਿੰਘ ਚੀਮਾ ਨੇ ਕਿਹਾ ਕਿ ਆਈਪੀਸੀ ਦੀ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।