MP ਵਿਕਰਮਜੀਤ ਸਾਹਨੀ ਨੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਦੇ ਨਾਮ 'ਤੇ ਰੱਖਣ ਦੀ ਕੀਤੀ ਮੰਗ
1675 ਵਿੱਚ ਆਪਣੇ ਧਰਮ ਲਈ ਨਹੀਂ ਸਗੋਂ ਮਨੁੱਖੀ ਅਧਿਕਾਰਾਂ ਅਤੇ ਧਰਮ ਦੀ ਆਜ਼ਾਦੀ ਦੀ ਰੱਖਿਆ ਲਈ ਸ਼ਹਾਦਤ ਦਿੱਤੀ -ਸਾਹਨੀ
Vikramjit Sahni demands naming of Old Delhi Railway Station after Sri Guru Tegh Bahadur: ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ। ਪਾਰਲੀਮੈਂਟ ਵਿੱਚ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨੌਵੇਂ ਸਿੱਖ ਗੁਰੂ ਦੀ ਬੇਮਿਸਾਲ ਕੁਰਬਾਨੀ ਬਦਲੇ ਆਦਰ ਵਜੋਂ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਰੇਲਵੇ ਸਟੇਸ਼ਨ ਰੱਖਿਆ ਜਾਵੇ।
ਡਾ. ਸਾਹਨੀ ਨੇ ਯਾਦ ਕਰਵਾਉਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵਜੋਂ ਜਾਣਿਆ ਜਾਂਦਾ ਹੈ, ਨੇ 1675 ਵਿੱਚ ਆਪਣੇ ਧਰਮ ਲਈ ਨਹੀਂ ਸਗੋਂ ਮਨੁੱਖੀ ਅਧਿਕਾਰਾਂ ਅਤੇ ਧਰਮ ਦੀ ਆਜ਼ਾਦੀ ਦੀ ਰੱਖਿਆ ਲਈ ਸ਼ਹਾਦਤ ਦਿੱਤੀ ਸੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਿਸ਼ਵ ਦੇ ਇਤਿਹਾਸ ਵਿੱਚ ਮਨੁੱਖੀ ਅਧਿਕਾਰਾਂ ਲਈ ਦਰਜ ਹੋਈ ਪਹਿਲੀ ਕੁਰਬਾਨੀ ਹੈ। ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਉਨ੍ਹਾਂ ਦੀ ਸ਼ਹਾਦਤ ਦੇ ਪਵਿੱਤਰ ਸਥਾਨ ਦੇ ਨੇੜੇ ਸਥਿਤ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਗੂਰੂ ਸਾਹਿਬ ਦੇ ਨਾਂ ਤੇ ਰੱਖਣਾ ਇੱਕ ਢੁਕਵੀਂ ਸ਼ਰਧਾਂਜਲੀ ਹੋਵੇਗੀ।
ਇਤਿਹਾਸਕ ਅਤੇ ਨੈਤਿਕ ਮਹੱਤਵ ਤੇ ਰੋਸ਼ਨੀ ਪਾਉਂਦਿਆਂ , ਡਾ. ਸਾਹਨੀ ਨੇ ਸਦਨ ਨੂੰ ਮੁਗਲ ਸ਼ਾਸਕ ਔਰੰਗਜ਼ੇਬ ਦੀ ਹਕੂਮਤ ਦੌਰਾਨ ਹੋਏ ਅੱਤਿਆਚਾਰਾਂ ਅਤੇ ਉਸ ਹਿੰਮਤ ਦੀ ਯਾਦ ਦਿਵਾਈ ਜਿਸ ਨਾਲ ਗੁਰੂ ਤੇਗ ਬਹਾਦਰ ਜੀ ਜਬਰੀ ਧਰਮ ਪਰਿਵਰਤਨ ਵਿਰੁੱਧ ਖੜੇ ਹੋਏ ਸਨ। ਇਹ ਨਾਮਕਰਨ ਸਿਰਫ਼ ਪ੍ਰਤੀਕਾਤਮਕ ਨਹੀਂ ਹੋਵੇਗਾ, ਸਗੋਂ ਇਹ ਭਾਰਤ ਦੀ ਧਾਰਮਿਕ ਆਜ਼ਾਦੀ, ਸਹਿਣਸ਼ੀਲਤਾ ਅਤੇ ਵਿਭਿੰਨਤਾ ਵਿੱਚ ਏਕਤਾ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕਰੇਗਾ।