ਆੜ੍ਹਤੀਆਂ ਅਤੇ ਲੇਬਰ ਦਾ ਬਕਾਇਆ ਤੁਰੰਤ ਜਾਰੀ ਕਰੇ ਐਫਸੀਆਈ - ਅਮਨ ਅਰੋੜਾ 

ਏਜੰਸੀ

ਖ਼ਬਰਾਂ, ਪੰਜਾਬ

-ਐਫਸੀਆਈ ਵੱਲੋਂ ਆੜ੍ਹਤੀਆਂ ਅਤੇ ਲੇਬਰ ਦੇ 105 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਨਾ ਜਾਰੀ ਕਰਨ ਨੂੰ ਲੈ ਕੇ ‘ਆਪ’ ਵਿਧਾਇਕ ਨੇ ਮੋਦੀ ਨੂੰ ਲਿਖਿਆ ਪੱਤਰ 

Aman Arora

ਚੰਡੀਗੜ੍ਹ, 8 ਸਤੰਬਰ 2020 - ਕਣਕ ਦੇ ਸੀਜ਼ਨ ਦੌਰਾਨ ਕੇਂਦਰੀ ਫੂਡ ਏਜੰਸੀ ਐਫ.ਸੀ.ਆਈ ਵੱਲੋਂ ਸੂਬੇ ਦੇ ਆੜ੍ਹਤੀਆਂ ਅਤੇ ਲੇਬਰ (ਪੱਲੇਦਾਰ) ਦੀ 105 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਅਜੇ ਤੱਕ ਜਾਰੀ ਨਾ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। 

‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਦੀ ਖ਼ਰੀਦੀ ਗਈ ਕਣਕ ਦਾ ਬਕਾਇਆ ਜਾਰੀ ਨਾ ਕਰਨ ਕਰਕੇ ਆੜ੍ਹਤੀਆਂ ਅਤੇ ਲੇਬਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਅਮਨ ਅਰੋੜਾ ਨੇ ਮੰਗ ਕੀਤੀ ਕਿ ਉਹ ਇਸ ਮਾਮਲੇ ਵਿਚ ਦਖ਼ਲ ਦੇਣ ਅਤੇ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਵਾਉਣ।     

ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਅੰਨਦਾਤਾ ਨੇ ਇਸ ਵਾਰ 138 ਲੱਖ ਮੀਟਰਿਕ ਟਨ ਕਣਕ ਕੇਂਦਰੀ ਅੰਨ-ਭੰਡਾਰ ਵਿਚ ਦਿੱਤੀ ਹੈ। ਜਿਸ ਵਿਚ ਪੰਜਾਬ ਦੇ ਆੜ੍ਹਤੀਆਂ, ਪੱਲੇਦਾਰਾਂ ਮਜ਼ਦੂਰਾਂ ਟਰਾਂਸਪੋਰਟਰਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਜਦਕਿ ਕਣਕ ਦੇ ਇਸ ਸੀਜ਼ਨ ਸਮੇਂ ਕੋਰੋਨਾ ਦੀ ਬਿਮਾਰੀ ਵੱਡੇ ਪੱਧਰ ‘ਤੇ ਫੈਲੀ ਹੋਈ ਸੀ, ਪਰੰਤੂ ਅੱਜ 5 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਬਹੁਤੇ ਆੜ੍ਹਤੀਆਂ ਅਤੇ ਲੇਬਰ ਨੂੰ ਬਕਾਇਆ ਨਹੀਂ ਮਿਲਿਆ ਅਤੇ ਉਹ ਦਰ-ਦਰ ਭਟਕ ਰਹੇ ਹਨ। 

ਅਮਨ ਅਰੋੜਾ ਨੇ ਦੱਸਿਆ ਕਿ 138 ਲੱਖ ਮੀਟਰਿਕ ਟਨ ਕਣਕ ਵਿਚੋਂ 123 ਲੱਖ ਮੀਟਰ ਟਨ ਕਣਕ ਪੰਜਾਬ ਦੀਆਂ ਸਟੇਟ ਏਜੰਸੀਆਂ ਨੇ ਖ਼ਰੀਦੀ। ਜਿਸ ਦੇ ਬਕਾਏ ਸਮੇਂ ਸਿਰ ਜਾਰੀ ਕਰ ਦਿੱਤੇ ਗਏ, ਪਰੰਤੂ ਬਾਕੀ 15 ਲੱਖ ਮੀਟਰਿਕ ਟਨ ਕਣਕ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐਫ.ਸੀ.ਆਈ) ਨੇ ਖ਼ਰੀਦੀ। ਉਸ ਦਾ ਆੜ੍ਹਤੀਆਂ ਦਾ ਕਮਿਸ਼ਨ, ਲੇਬਰ, ਬੋਰੀਆਂ ਦੀ ਸਿਲਾਈ, ਭਰਵਾਈ ਦਾ ਪੈਸਾ ਜੋ ਕਿ ਤਕਰੀਬਨ 105 ਕਰੋੜ ਰੁਪਏ ਬਣਦਾ ਹੈ।

ਉਹ ਐਫ.ਸੀ.ਆਈ ਨੇ ਜਾਰੀ ਨਹੀਂ ਕੀਤਾ। ਜਿਸ ਕਾਰਨ ਆੜ੍ਹਤੀਆਂ ਅਤੇ ਲੇਬਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਜਦਕਿ  ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਇਹ ਬਕਾਇਆ ਰਾਸ਼ੀ ਪਹਿਲ ਦੇ ਆਧਾਰ ‘ਤੇ ਜਾਰੀ ਕਰਨੀ ਬਣਦੀ ਸੀ। ਅਮਨ ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਆੜ੍ਹਤੀਆਂ ਅਤੇ ਲੇਬਰ ਦੇ ਹਿੱਤਾਂ ਨੂੰ ਦੇਖਦੇ ਹੋਏ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਬਕਾਇਆ ਜਾਰੀ ਕਰਨ ਲਈ ਪੱਤਰ ਲਿਖਣ।