ਸਿਹਤ ਮੰਤਰੀ ਵਲੋਂ ਤਿਆਰ ਕੀਤੇ ਤਿੰਨ ਨਵੇਂ ਕਮਿਊਨਿਟੀ ਸਿਹਤ ਕੇਂਦਰ ਜਲੰਧਰ ਨੂੰ ਸਮਰਪਿਤ
ਪੰਜਾਬ ਕੋਵਿਡ ਦੇ ਲੈਵਲ-2 ਦੇ ਕੇਸਾਂ ‘ਚ ਨਿਭਾਉਣਗੇ ਅਹਿਮ ਭੂਮਿਕਾ
ਚੰਡੀਗੜ/ਜਲੰਧਰ 08 ਸਤੰਬਰ 2020 - ਮੈਡੀਕਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਕੋਵਿਡ ਦੇ ਵੱਧ ਰਹੇ ਕੇਸਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕਰਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ.ਬਲਬੀਰ ਸਿੰਘ ਸਿੱਧੂ ਵਲੋਂ ਅੱਜ 16 ਕਰੋੜ ਰੁਪਏ ਦੀ ਲਾਗਤ ਨਾਲ ਦਾਦਾ ਕਲੋਨੀ, ਬਸਤੀ ਗੁਜਾਂ ਅਤੇ ਖੁਰਲਾ ਕਿੰਗਰਾ ਵਿਖੇ ਤਿਆਰ ਕੀਤੇ ਗਏ ਤਿੰਨ ਨਵੇਂ ਕਮਿਊਨਿਟੀ ਸੈਂਟਰ ਕੋਵਿਡ-19 ਦੇ ਲੈਵਲ-2 ਦੇ ਮਰੀਜ਼ਾਂ ਦੇ ਇਲਾਜ ਲਈ ਸਮਰਪਿਤ ਕੀਤੇ ਗਏ।
ਇਨਾਂ ਤਿੰਨਾਂ ਕਮਿਊਨਿਟੀ ਸੈਂਟਰਾਂ ਵਿੱਚ 80 ਬੈਡ ਮੌਜੂਦ ਹਨ ਜਿਨਾਂ ਵਿੱਚ 30 ਬੈਡ ਦਾਦਾ ਕਲੋਨੀ, 30 ਬੈਡ ਬਸਤੀ ਗੁਜਾਂ ਅਤੇ 20 ਬੈਡ ਖੁਰਲਾ ਕਿੰਗਰਾ ਕਮਿਊਨਿਟੀ ਸੈਂਟਰ ਵਿਖੇ ਉਪਲੱਬਧ ਹਨ ਜੋ ਕਿ ਸਾਰੇ ਪਾਈਪ ਰਾਹੀਂ ਆਕਸੀਜ਼ਨ ਸਪਲਾਈ ਦੀ ਸਹੂਲਤ ਨਾਲ ਪੂਰੀ ਤਰਾਂ ਲੈਸ ਹਨ। ਇਸ ਮੌਕੇ ਸਿਹਤ ਮੰਤਰੀ ਪੰਜਾਬ ਦੇ ਨਾਲ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ, ਵਿਧਾਇਕ ਸ੍ਰੀ ਪਰਗਟ ਸਿੰਘ, ਸ੍ਰੀ ਸੁਸ਼ੀਲ ਕੁਮਾਰ ਰਿੰਕੂ, ਸ੍ਰੀ ਰਾਜਿੰਦਰ ਬੇਰੀ, ਸ੍ਰੀ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਸ੍ਰੀ ਹਰਦੇਵ ਸਿੰਘ ਲਾਡੀ ਸ਼ੋਰੋਵਾਲੀਆ, ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ, ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ,
ਮੇਅਰ ਸ੍ਰੀ ਜਗਦੀਸ਼ ਰਾਜ ਰਾਜਾ ਅਤੇ ਹੋਰ ਵੀ ਸ਼ਾਮਿਲ ਸਨ, ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਕੋਵਿਡ ਦੇ ਵੱਧ ਰਹੇ ਕੇਸਾਂ ਨਾਲ ਨਜਿੱਠਣ ਲਈ ਵਚਨਬੱਧ ਹੈ ਅਤੇ ਇਨਾਂ ਤਿੰਨ ਨਵੇਂ ਕਮਿਊਨਿਟੀ ਸਿਹਤ ਕੇਂਦਰਾਂ ਦੇ ਸ਼ੁਰੂ ਹੋ ਜਾਣ ਨਾਲ ਕੋਵਿਡ-19 ਦੇ ਲੈਵਲ-2 ਦੇ ਮਰੀਜ਼ਾਂ ਲਈ ਬੈਡਾਂ ਦੀ ਸਮਰੱਥਾ ਵਿੱਚ ਵਾਧਾ ਹੋਣ ਨਾਲ ਇਨਾਂ ਦੀ ਗਿਣਤੀ 364 ਹੋ ਗਈ ਹੈ, ਜਦਕਿ ਪਹਿਲਾਂ ਸਿਵਲ ਹਸਪਤਾਲਾਂ ਵਿੱਚ ਇਹ ਗਿਣਤੀ 284 ਬੈਡ ਸੀ।
ਸਿੱਧੂ ਨੇ ਕਿਹਾ ਕਿ ਇਨਾਂ ਤਿੰਨਾਂ ਕਮਿਊਨਟੀ ਸਿਹਤ ਕੇਂਦਰਾਂ ਵਿੱਚ ਮੌਜੂਦ 80 ਬੈਡਾਂ ਨੂੰ ਪਾਈਪ ਰਾਹੀਂ ਆਕਸੀਜ਼ਨ ਸਪਲਾਈ ਨਾਲ ਲੈਸ ਕੀਤਾ ਗਿਆ ਹੈ ਜੋ ਕਿ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਮੁੱਢਲੀ ਜਰੂਰਤ ਹੈ। ਉਨਾਂ ਕਿਹਾ ਕਿ ਇਨਾਂ ਸਿਹਤ ਕੇਂਦਰਾਂ ਵਲੋਂ ਕੋਵਿਡ-19 ਖਿਲਾਫ਼ ਜੰਗ ਵਿੱਚ ਅਹਿਮ ਭੂਮਿਕਾ ਨਿਭਾਈ ਜਾਵੇਗੀ।
ਇਸ ਮੌਕੇ ਲੋਕਾਂ ਨੂੰ ਅਪੀਲ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਕੋਵਿਡ-19 ਦੇ ਲੱਛਣਾ ਨੂੰ ਹਲਕੇ ਵਿੱਚ ਨਾ ਲਿਆ ਜਾਵੇ ਅਤੇ ਜਦੋਂ ਵੀ ਇਸ ਬਿਮਾਰੀ ਸਬੰਧੀ ਕੋਈ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰਨ ਤੋਂ ਇਲਾਵਾ ਕੋਵਿਡ ਟੈਸਟ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਲੋਕਾਂ ਵਲੋਂ ਦੇਰੀ ਨਾਲ ਡਾਕਟਰ ਨਾਲ ਸੰਪਰਕ ਕੀਤਾ ਜਾਂਦਾ ਹੈ, ਤਾਂ ਉਨਾਂ ਦੀ ਹਾਲਤ ਬਹੁਤ ਵਿਗੜ ਜਾਂਦੀ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਪਾਸ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਫੰਡਾਂ ਅਤੇ ਸਾਧਨਾਂ ਦੀ ਕੋਈ ਘਾਟ ਨਹੀਂ ਹੈ। ਉਨਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਲਈ ਸਾਨੂੰ ਸਭ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੀ ਆੜ ਵਿੱਚ ਮਨੁੱਖੀ ਅੰਗਾਂ ਦੀ ਤਸਕਰੀ ਅਤੇ ਮਨਾਫ਼ਾਖੋਰੀ ਸਬੰਧੀ ਗ਼ਲਤ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਇਸ ਸਬੰਧੀ ਪੁਲਿਸ ਵਿਭਾਗ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਸਰਗਰਮ ਮਰੀਜ਼ਾਂ ਅਤੇ ਘਰਾਂ ਵਿੱਚ ਇਕਾਂਤਵਾਸ ਹੋਏ ਲੋਕਾਂ ਨੂੰ 50,000 ਮੁਫ਼ਤ ਕੋਵਿਡ ਕੇਅਰ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਇਨਾਂ ਕਿੱਟਾਂ ਵਿੱਚ ਔਕਸੀਮੀਟਰ, ਡਿਜੀਟਲ ਥਰਮਾਮੀਟਰ, ਫੇਸ ਮਾਸਕ ਅਤੇ ਜਰੂਰੀ ਦਵਾਈਆਂ ਮੌਜੂਦ ਹੋਣਗੀਆਂ।
ਸਿੱਧੂ ਨੇ ਕਿਹਾ ਕਿ ਜਲੰਧਰ ਦੀ ਟੀਮ ਵਲੋਂ ਨੋਵੇਲ ਕੋਰੋਨਾ ਵਾਇਰਸ ਦੇ ਟਾਕਰੇ ਲਈ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਡਿਊਟੀ ਨਿਭਾਈ ਜਾ ਰਹੀ ਹੈ। ਉਨਾਂ ਕਿਹਾ ਕਿ ਇਹ ਯਤਨ ਉਦੋਂ ਤੱਕ ਜਾਰੀ ਰਹਿਣੇ ਚਾਹੀਦੇ ਹਨ, ਜਦੋਂ ਤੱਕ ਕੋਰੋਨਾ ਵਾਇਰਸ ਪੂਰੀ ਤਰਾਂ ਖ਼ਤਮ ਨਹੀਂ ਹੋ ਜਾਂਦਾ। ਉਨਾਂ ਦੱਸਿਆ ਕਿ ਸਹੂਲਤਾਂ ਜਿਵੇਂ ਕਿ ਆਪਰੇਸ਼ਨ ਥਿਏਟਰ, ਐਮਰਜੰਸੀ ਵਾਰਡ, ਡਿਸਪੈਂਸਰੀ, ਫੀਮੇਲ ਅਤੇ ਮੇਲ ਵਾਰਡ, ਐਲੀਵੇਟਰ ਅਤੇ ਹੋਰ ਮੁਹੱਈਆ ਕਰਵਾਈਆਂ ਗਈਆਂ ਹਨ।
ਇਸ ਮੌਕੇ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਦੇ ਉਪ ਚੇਅਰਮੈਨ ਸ੍ਰੀ ਬੌਬੀ ਸਹਿਗਲ, ਡਿਪਟੀ ਮੇਅਰ ਸ੍ਰੀ ਹਰਸਿਮਰਨਜੀਤ ਸਿੰਘ ਬੰਟੀ, ਉਪ ਮੰਡਲ ਮੈਜਿਸਟਰੇਟ ਸ੍ਰੀ ਰਾਹੁਲ ਸਿੰਧੂ, ਡਾ. ਜੈ ਇੰਦਰ ਸਿੰਘ, ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ, ਡਿਪਟੀ ਮੈਡੀਕਲ ਕਮਿਸ਼ਨਰ ਡਾ.ਜੋਤੀ, ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ, ਡਾ.ਜਗਦੀਸ਼ ਕੁਮਾਰ, ਕਾਰਜਕਾਰੀ ਇੰਜੀਨੀਅਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ੍ਰੀ ਸੁਖਚੈਨ ਸਿੰਘ ਅਤੇ ਹੋਰ ਵੀ ਹਾਜ਼ਰ ਸਨ।