2013 ਮੁਜ਼ੱਫ਼ਰਨਗਰ ਦੰਗਾ ਕੇਸ : 8 ਸਾਲ ਵਿਚ 1100 ਲੋਕ ਬਰੀ, ਸਿਰਫ਼ 7 ਲੋਕ ਦੋਸ਼ੀ ਕਰਾਰ

ਏਜੰਸੀ

ਖ਼ਬਰਾਂ, ਪੰਜਾਬ

2013 ਮੁਜ਼ੱਫ਼ਰਨਗਰ ਦੰਗਾ ਕੇਸ : 8 ਸਾਲ ਵਿਚ 1100 ਲੋਕ ਬਰੀ, ਸਿਰਫ਼ 7 ਲੋਕ ਦੋਸ਼ੀ ਕਰਾਰ

image

ਮੁਜ਼ੱਫ਼ਰਨਗਰ, 7 ਸਤੰਬਰ : ਉਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਜ਼ਿਲ੍ਹੇ ਵਿਚ 2013 ਦੇ ਫ਼ਿਰਕੂ ਦੰਗਿਆਂ ਨੂੰ 8 ਸਾਲ ਹੋ ਚੁੱਕੇ ਹਨ ਅਤੇ ਇਸ ਦੌਰਾਨ ਕਤਲ, ਜਬਰ-ਜ਼ਿਨਾਹ, ਡਕੈਤੀ ਅਤੇ ਅਗਜਨੀ ਨਾਲ ਸਬੰਧਤ 97 ਮਾਮਲਿਆਂ ’ਚ 1,117 ਲੋਕ ਸਬੂਤਾਂ ਦੀ ਘਾਟ ਕਾਰਨ ਬਰੀ ਹੋ ਗਏ। ਇਨ੍ਹਾਂ 8 ਸਾਲਾਂ ਵਿਚ ਸਿਰਫ਼ 7 ਲੋਕ ਦੋਸ਼ੀ ਕਰਾਰ ਦਿਤੇ ਗਏ। ਇਨ੍ਹਾਂ ਲੋਕਾਂ ਨੂੰ ਕਵਾਲ ਪਿੰਡ ਵਿਚ ਸਚਿਨ ਅਤੇ ਗੌਰਵ ਨਾਮੀ ਦੋ ਨੌਜਵਾਨਾਂ ਦੇ ਕਤਲ ਨਾਲ ਜੁੜੇ ਮਾਮਲਿਆਂ ਵਿਚ ਦੋਸ਼ੀ ਕਰਾਰ ਦਿਤਾ ਗਿਆ। ਇਨ੍ਹਾਂ ਦੋ ਨੌਜਵਾਨਾਂ ਦਾ ਕਤਲ ਅਤੇ 27 ਅਗੱਸਤ 2013 ਨੂੰ ਸ਼ਾਹਨਵਾਜ਼ ਨਾਮੀ ਇਕ ਹੋਰ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਤੋਂ ਬਾਅਦ ਦੰਗੇ ਭੜਕ ਗਏ ਸਨ। 
ਦੰਗਿਆਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ ਸੂਬਾਈ ਸਰਕਾਰ ਵਲੋਂ ਵਿਸ਼ੇਸ਼ ਜਾਂਚ ਦਲ (ਐਸ. ਆਈ. ਟੀ.) ਦਾ ਗਠਨ ਕੀਤਾ ਗਿਆ ਸੀ। ਐਸ. ਆਈ. ਟੀ. ਦੇ ਅਧਿਕਾਰੀਆਂ ਮੁਤਾਬਕ ਪੁਲਿਸ ਨੇ 1,480 ਲੋਕਾਂ ਵਿਰੁਧ 510 ਮਾਮਲੇ ਦਰਜ ਕੀਤੇ ਅਤੇ 175 ਮਾਮਲਿਆਂ ਵਿਚ ਦੋਸ਼ ਪੱਤਰ ਦਾਖ਼ਲ ਕੀਤਾ। ਐਸ. ਆਈ. ਟੀ. ਦੇ ਇਕ ਅਧਿਕਾਰੀ ਨੇ ਦਸਿਆ ਕਿ 97 ਮਾਮਲਿਆਂ ਵਿਚ ਅਦਾਲਤ ਨੇ ਫ਼ੈਸਲਾ ਕੀਤਾ ਅਤੇ 1,117 ਲੋਕਾਂ ਨੂੰ ਸਬੂਤਾਂ ਦੀ ਘਾਟ ’ਚ ਬਰੀ ਕਰ ਦਿਤਾ। ਉਨ੍ਹਾਂ ਨੇ ਕਿਹਾ ਕਿ ਇਸਤਗਾਸਾ ਪੱਖ ਨੇ ਇਨ੍ਹਾਂ ਮਾਮਲਿਆਂ ਵਿਚ ਅਪੀਲ ਦਾਇਰ ਨਹੀਂ ਕੀਤੀ ਹੈ। ਕਵਾਲ ਪਿੰਡ ’ਚ ਦੋ ਨੌਜਵਾਨਾਂ ਦੇ ਕਤਲ ਦੇ ਮਾਮਲੇ ਵਿਚ 7 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਐਸ. ਆਈ. ਟੀ. 20 ਮਾਮਲਿਆਂ ਵਿਚ ਦੋਸ਼ ਪੱਤਰ ਦਾਇਰ ਕਰ ਨਹੀਂ ਸਕੀ ਕਿਉਂਕਿ ਸੂਬਾ ਸਰਕਾਰ ਵਲੋਂ ਉਸ ਨੂੰ ਮੁਕੱਦਮਾ ਚਲਾਉਣ ਦੀ ਆਗਿਆ ਨਹੀਂ ਮਿਲੀ ਸੀ। (ਏਜੰਸੀ)