ਮੁੱਲਾ ਹਸਨ ਹੋਣਗੇ ਤਾਲਿਬਾਨ ਦੀ ਪ੍ਰਸਤਾਵਿਤ ਸਰਕਾਰ ਦੇ ਮੁਖੀ, ਮੁੱਲਾ ਬਰਾਦਰ ਹੋਣਗੇ ਉਪ ਮੁਖੀ : ਰੀਪੋ
ਮੁੱਲਾ ਹਸਨ ਹੋਣਗੇ ਤਾਲਿਬਾਨ ਦੀ ਪ੍ਰਸਤਾਵਿਤ ਸਰਕਾਰ ਦੇ ਮੁਖੀ, ਮੁੱਲਾ ਬਰਾਦਰ ਹੋਣਗੇ ਉਪ ਮੁਖੀ : ਰੀਪੋਰਟ
ਪੇਸ਼ਾਵਰ, 7 ਸਤੰਬਰ : ਤਾਲਿਬਾਨ ਦੀ ਸ਼ਕਤੀਸਾਲੀ ਨਿਰਣਾਇਕ ਸ਼ਾਖਾ ‘ਰਹਿਬਾਰੀ ਸ਼ੂੁਰਾ’ ਦੇ ਮੁਖੀ ਮੁੱਲਾ ਮੁਹੰਮਦ ਹਸਨ ਅਖੁੰਦ ਨੂੰ ਸਮੂਹ ਦੇ ਚੋਟੀ ਦੇ ਨੇਤਾ ਮੁੱਲਾ ਹੇਬਤੁੱਲਾ ਅਖੁੰਦਜਾਦਾ ਨੇ ਅਫ਼ਗ਼ਾਨਿਸਤਾਨ ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਪਾਕਿਸਤਾਨੀ ਮੀਡੀਆ ਦੀ ਇਕ ਖ਼ਬਰ ਵਿਚ ਇਹ ਦਾਅਵਾ ਕੀਤਾ ਗਿਆ ਹੈ।
ਅਖ਼ਬਾਰ ‘ਦਿ ਨਿਊਜ਼ ਇੰਟਰਨੈਸ਼ਨਲ’ ਨੇ ਕਈ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਦਸਿਆ ਹੈ ਕਿ ਦੋਹਾ ਵਿਚ ਤਾਲਿਬਾਨ ਦੇ ਰਾਜਨੀਤਕ ਦਫ਼ਤਰ ਦੇ ਚੇਅਰਮੈਨ ਮੁੱਲਾ ਅਬਦੁਲ ਗ਼ਨੀ ਬਰਾਦਰ ਅਤੇ ਮੁੱਲਾ ਅਬਦੁਸ ਸਲਾਮ ਨਵੀਂ ਤਾਲਿਬਾਨ ਸਰਕਾਰ ਵਿਚ ਮੁੱਲਾ ਹਸਨ ਦੇ ਉਪ ਮੁਖੀ ਵਜੋਂ ਕੰਮ ਕਰਨਗੇ, ਜਿਸਦਾ ਐਲਾਨ ਅਗਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਮੁੱਲਾ ਹਸਨ ਇਸ ਵੇਲੇ ਤਾਲਿਬਾਨ ਦੀ ਸ਼ਕਤੀਸਾਲੀ ਫ਼ੈਸਲੇ ਲੈਣ ਵਾਲੀ ਸੰਸਥਾ, ਰਹਿਬਾਰੀ ਸ਼ੂਰਾ, ਜਾਂ ਲੀਡਰਸ਼ਿਪ ਕੌਂਸਲ ਦਾ ਮੁਖੀ ਹੈ, ਜੋ ਸਮੂਹ ਦੇ ਸਾਰੇ ਮਾਮਲਿਆਂ ਵਿਚ ਸਰਕਾਰੀ ਕੈਬਨਿਟ ਦੀ ਤਰ੍ਹਾਂ ਕੰਮ ਕਰਦੀ ਹੈ, ਜੋ ਚੋਟੀ ਦੇ ਨੇਤਾ ਦੀ ਮਨਜ਼ੂਰੀ ਦੇ ਅਧੀਨ ਹੈ। ਅਖ਼ਬਾਰ ਨੇ ਕਿਹਾ ਕਿ ਮੁੱਲਾ ਹਬਤੁੱਲਾ ਨੇ ਖੁਦ ਸਰਕਾਰ ਦਾ ਮੁਖੀ ਬਣਨ ਲਈ ਮੁੱਲਾ ਹਸਨ ਦੇ ਨਾਂ ਦਾ ਪ੍ਰਸਤਾਵ ਕੀਤਾ ਸੀ। ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਦੇ ਗਠਨ ਨੂੰ ਲੈ ਕੇ ਤਾਲਿਬਾਨ ਸੰਗਠਨ ਦੇ ਅੰਦਰੂਨੀ ਮਸਲੇ ਹੱਲ ਹੋ ਗਏ ਹਨ। (ਏਜੰਸੀ)