ਤਿ੍ਪਤ ਬਾਜਵਾ ਤੇ ਰੰਧਾਵਾ ਨੇ ਮੁੜ ਲਿਖੀ ਮੁੱਖ ਮੰਤਰੀ ਨੂੰ  ਚਿੱਠੀ

ਏਜੰਸੀ

ਖ਼ਬਰਾਂ, ਪੰਜਾਬ

ਤਿ੍ਪਤ ਬਾਜਵਾ ਤੇ ਰੰਧਾਵਾ ਨੇ ਮੁੜ ਲਿਖੀ ਮੁੱਖ ਮੰਤਰੀ ਨੂੰ  ਚਿੱਠੀ

image


ਕਿਹਾ, ਅਸੀ ਤਾਂ ਕੈਬਨਿਟ 'ਚ ਵੀ ਬਟਾਲਾ ਜ਼ਿਲ੍ਹਾ ਬਣਾਉਣ ਦੀ ਮੰਗ ਉਠਾਈ ਸੀ ਜਦੋਂ ਮਾਲੇਰਕੋਟਲਾ ਬਾਰੇ ਫ਼ੈਸਲਾ ਹੋ ਰਿਹਾ ਸੀ

ਚੰਡੀਗੜ੍ਹ, 7 ਸਤੰਬਰ (ਗੁਰਉਪਦੇਸ਼ ਭੁੱਲਰ, ਨਰਿੰਦਰ ਸਿੰਘ ਝਾਂਮਪੁਰ): ਬਟਾਲਾ ਨੂੰ  ਜ਼ਿਲ੍ਹਾ ਬਣਾਉਣ ਦੀ ਮੰਗ ਨੂੰ  ਲੈ ਕੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਲਿਖੀ ਚਿੱਠੀ ਦੇ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿਤੇ ਜਵਾਬ ਤੋਂ ਬਾਅਦ ਦੋਵੇਂ ਮੰਤਰੀਆਂ ਨੇ ਇਕ ਵਾਰ ਮੁੜ ਮੁੱਖ ਮੰਤਰੀ ਨੂੰ  ਚਿੱਠੀ ਲਿਖੀ ਹੈ | ਇਸ ਚਿੱਠੀ ਵਿਚ ਉਨ੍ਹਾਂ ਨੇ ਮੁੱਖ ਮੰਤਰੀ ਦੇ ਉਸ ਦਾਅਵੇ 'ਤੇ ਸਵਾਲ ਖੜਾ ਕੀਤਾ ਹੈ ਕਿ ਪਹਿਲਾਂ ਤੁਸੀਂ ਕਦੇ ਜ਼ਿਲ੍ਹਾ ਬਣਾਉਣ ਦਾ ਸਵਾਲ ਨਹੀਂ ਉਠਾਇਆ | 
ਮੁੱਖ ਮੰਤਰੀ ਨੇ ਦੋਵੇਂ ਮੰਤਰੀਆਂ ਦੀ ਪਹਿਲੀ ਚਿੱਠੀ ਦੇ ਜਵਾਬ ਵਿਚ ਬੀਤੇ ਦਿਨੀਂ ਕਿਹਾ ਸੀ ਕਿ ਅਸੀ ਤਾਂ ਪਹਿਲਾ ਹੀ ਬਟਾਲਾ ਨੂੰ  ਜ਼ਿਲ੍ਹਾ ਬਣਾਉਣ ਬਾਰੇ ਵਿਚਾਰ ਕਰ ਰਹੇ ਹਾਂ | ਇਸ ਬਾਰੇ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਹੀ ਮੰਗ ਕੀਤੀ ਹੋਈ ਹੈ ਅਤੇ ਤੁਸੀਂ ਪਹਿਲਾਂ ਤਾਂ ਕਦੇ ਮੰਗ ਨਹੀਂ ਕੀਤੀ | ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਤੁਹਾਨੂੰ ਚਿੱਠੀ ਲਿਖਣ ਦੀ ਲੋੜ ਨਹੀਂ ਸੀ ਅਤੇ ਮੇਰੇ ਨਾਲ ਗੱਲ ਕਰ ਲੈਂਦੇ ਤਾਂ ਮੈਂ ਇਸ ਬਾਰੇ ਪਹਿਲਾਂ ਹੀ ਤੁਹਾਨੂੰ ਜਾਣਕਾਰੀ ਦੇ ਦਿੰਦਾ | ਮੁੱਖ ਮੰਤਰੀ ਦੇ ਇਸ ਜਵਾਬ ਤੋਂ ਬਾਅਦ ਬਾਜਵਾ ਤੇ ਰੰਧਾਵਾ ਨੇ ਦੁਬਾਰਾ ਇਕ ਹੋਰ ਚਿੱਠੀ ਮੁੱਖ ਮੰਤਰੀ ਨੂੰ  ਲਿਖੀ ਹੈ ਜਿਸ ਵਿਚ ਕਿਹਾ ਗਿਆ ਕਿ ਅਸੀ ਤਾਂ ਬਟਾਲਾ ਨੂੰ  ਜ਼ਿਲ੍ਹਾ ਬਣਾਉਣ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ ਵਿਚ ਕੈਬਨਿਟ ਮੀਟਿੰਗ ਵਿਚ ਬਟਾਲਾ ਜ਼ਿਲ੍ਹਾ ਬਣਾਉਣ ਦੀ ਮੰਗ ਉਠਾ ਚੁੱਕੇ ਹਾਂ ਜਦੋਂ ਮਲੇਰਕੋਟਲਾ ਬਾਰੇ ਫ਼ੈਸਲਾ ਹੋ ਰਿਹਾ ਸੀ | ਦੋਵੇਂ ਮੰਤਰੀਆਂ ਨੇ ਮੁੱਖ ਮੰਤਰੀ 'ਤੇ ਸਵਾਲ ਚੁਕਦਿਆਂ ਲਿਖੀ ਗਈ ਅਪਣੀ ਪਹਿਲੀ ਚਿੱਠੀ ਨੂੰ  ਵਾਜਬ ਠਹਿਰਾਉਂਦਿਆਂ ਕਿਹਾ ਕਿ ਸਾਨੂੰ ਬਟਾਲਾ ਇਲਾਕੇ ਦੇ ਲੋਕਾਂ ਦੀ ਚਿਰਕੋਣੀ ਮੰਗ ਲਈ ਇਸ ਕਰ ਕੇ ਚਿੱਠੀ ਲਿਖਣੀ ਪਈ ਕਿ ਆਪ ਨੇ ਜਨਤਕ ਮੇਲ ਮਿਲਾਪ ਤਾਂ ਬੰਦ ਕੀਤਾ ਹੋਇਆ ਹੈ | ਕੈਬਨਿਟ ਸਮੇਤ ਸਾਰੀਆਂ ਮੀਟਿੰਗਾਂ ਵੀ ਵੀਡੀਉ ਕਾਨਫ਼ਰੰਸ ਰਾਹੀਂ ਕੀਤੀਆਂ ਜਾ ਰਹੀਆਂ ਹਨ | ਇਸ ਕਰ ਕੇ ਸਾਡੇ ਕੋਲ ਚਿੱਠੀ ਲਿਖ ਕੇ ਲੋਕਾਂ ਦੀ ਗੱਲ ਤੁਹਾਡੇ ਤਕ ਪਹੁੰਚਾਉਣ ਲਈ ਹੋਰ ਕਿਹੜਾ ਰਾਹ ਬਚਿਆ ਹੈ | ਦੋਵੇਂ ਮੰਤਰੀਆਂ ਨੇ ਮੁੱਖ ਮੰਤਰੀ ਨੂੰ  ਇਹ ਵੀ ਸਪੱਸ਼ਟ ਕਰ ਦਿਤਾ ਕਿ ਸਾਡਾ ਮਕਸਦ ਤਾਂ ਬਟਾਲਾ ਨੂੰ  ਜ਼ਿਲ੍ਹਾ ਬਣਾਉਣਾ ਹੈ ਅਤੇ ਇਸ ਦਾ ਸਿਹਰਾ ਭਾਵੇਂ ਤੁਸੀਂ ਕਿਸੇ ਨੂੰ  ਦੇ ਦਿਉ | ਇਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਵਲੋਂ ਲਿਖੀ ਚਿੱਠੀ 'ਤੇ ਵੀ ਸਵਾਲ ਚੁਕਦਿਆਂ ਕਿਹਾ ਕਿ ਜਿਸ ਦਾ ਤੁਹਾਡੇ ਨਾਲ ਇਸ ਵੇਲੇ ਸਿੱਧਾ ਸੰਪਰਕ ਹੋਵੇ, ਉਸ ਨੂੰ  ਚਿੱਠੀ ਲਿਖ ਕੇ ਮੰਗ ਕਰਨ ਦੀ ਕੀ ਲੋੜ ਸੀ?