'ਆਪ' ਵਿਧਾਇਕ ਦੇ ਘਰ ED ਦਾ ਛਾਪਾ, 40 ਕਰੋੜ ਦੇ ਬੈਂਕ ਘੁਟਾਲੇ ਵਿਚ ਸੀਬੀਆਈ ਦੀ ਪਹਿਲੀ ਰੇਡ

ਏਜੰਸੀ

ਖ਼ਬਰਾਂ, ਪੰਜਾਬ

ਈਡੀ ਦੀ ਟੀਮ ਵਿਧਾਇਕ ਦੇ ਕਰੀਬੀ 12 ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।

Jaswant Singh Gajjanmajra

 

ਅਮਰਗੜ੍ਹ - ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਘਰ ਛਾਪਾ ਮਾਰਿਆ ਹੈ। ਇਹ ਛਾਪੇਮਾਰੀ ਗੱਜਣਮਾਜਰਾ ਦੇ ਸਕੂਲਾਂ, ਰੀਅਲ ਅਸਟੇਟ ਅਤੇ ਫੈਕਟਰੀਆਂ ਵਿਚ ਹੋ ਰਹੀ ਹੈ। ਈਡੀ ਦੀ ਟੀਮ ਵਿਧਾਇਕ ਦੇ ਕਰੀਬੀ 12 ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਹਾਲਾਂਕਿ ਛਾਪੇਮਾਰੀ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਵਿਧਾਇਕ ਗੱਜਣਮਾਜਰਾ 'ਤੇ 40 ਕਰੋੜ ਦੇ ਬੈਂਕ ਘੁਟਾਲੇ ਦਾ ਦੋਸ਼ ਹੈ। ਜਿਸ 'ਚ ਪਹਿਲਾਂ ਵੀ ਸੀਬੀਆਈ ਨੇ ਵਿਧਾਇਕ ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ।

'ਆਪ' ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ 2011 ਤੋਂ 2014 ਦਰਮਿਆਨ 4 ਕਿਸ਼ਤਾਂ 'ਚ ਬੈਂਕ ਤੋਂ ਕਰਜ਼ਾ ਲਿਆ ਸੀ। ਇਹ ਕਰਜ਼ਾ ਕਰੀਬ 40.92 ਕਰੋੜ ਸੀ। ਬੈਂਕ ਦੀ ਲੁਧਿਆਣਾ ਸ਼ਾਖਾ ਨੇ ਇਸ ਦੀ ਸ਼ਿਕਾਇਤ ਸੀ.ਬੀ.ਆਈ. ਨੂੰ ਕੀਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਗੱਜਣਮਾਜਰਾ ਨੇ ਜਿਸ ਕਰ ਕੇ ਕਰਜ਼ਾ ਲਿਆ ਸੀ, ਉਸ ਦੀ ਬਜਾਏ ਕਿਸੇ ਹੋਰ ਥਾਂ ਵਰਤ ਲਿਆ। ਪਿਛਲੀ ਛਾਪੇਮਾਰੀ ਵਿਚ ਸੀਬੀਆਈ ਨੂੰ 94 ਦਸਤਖ਼ਤ ਕੀਤੇ ਖਾਲੀ ਚੈੱਕ ਅਤੇ ਕਈ ਆਧਾਰ ਕਾਰਡ ਵੀ ਮਿਲੇ ਸਨ। 16.57 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਪੁਲਿਸ ਨੇ 88 ਵਿਦੇਸ਼ੀ ਕਰੰਸੀ ਨੋਟ, ਜਾਇਦਾਦ ਦੇ ਦਸਤਾਵੇਜ਼, ਕਈ ਬੈਂਕ ਖਾਤਿਆਂ ਨਾਲ ਸਬੰਧਤ ਦਸਤਾਵੇਜ਼ ਬਰਾਮਦ ਕੀਤੇ ਸਨ। 

'ਆਪ' ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਉਸ ਸਮੇਂ ਸੁਰਖੀਆਂ 'ਚ ਆਏ ਸਨ, ਜਦੋਂ ਉਨ੍ਹਾਂ ਨੇ ਸਿਰਫ਼ 1 ਰੁਪਏ ਤਨਖ਼ਾਹ ਲੈਣ ਦਾ ਐਲਾਨ ਕੀਤਾ। ਗੱਜਣਮਾਜਰਾ ਨੇ ਕਿਹਾ ਸੀ ਕਿ ਪੰਜਾਬ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਲਈ ਮੈਂ ਵਿਧਾਇਕ ਵਜੋਂ 1 ਰੁਪਏ ਤਨਖ਼ਾਹ ਲਵਾਂਗਾ। ਚੋਣ ਵਿਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ ਸੀ।