ਸਹੁਰਿਆਂ ਤੋਂ ਤੰਗ ਆ ਕੇ ਔਰਤ ਨੇ 2 ਮਾਸੂਮ ਬੱਚਿਆਂ ਸਮੇਤ ਨਹਿਰ ’ਚ ਮਾਰੀ ਛਾਲ, ਧੀ ਬਚੀ, ਪੁੱਤ ਤੇ ਮਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੇਕਾ ਪਰਿਵਾਰ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਕੀਤੀ ਮੰਗ

woman jumped into the canal

 

ਤਰਨਤਾਰਨ: ਹਰੀਕੇ ਹੈੱਡ ਵਰਕਸ ਨਜ਼ਦੀਕ ਬੰਗਾਲੀ ਵਾਲਾ ਪੁੱਲ 'ਤੇ ਰਾਜਸਥਾਨ ਫੀਡਰ ਨਹਿਰ 'ਚ ਵਿਆਹੁਤਾ ਨੇ ਆਪਣੇ 2 ਬੱਚਿਆਂ ਸਮੇਤ ਛਾਲ ਮਾਰ ਦਿੱਤੀ। ਇਹ ਕਦਮ ਚੁੱਕਣ ਤੋਂ ਪਹਿਲਾਂ 32 ਸਾਲਾ ਗੁਰਜਿੰਦਰ ਕੌਰ ਉਰਫ਼ ਪਿੰਕੀ ਨੇ ਨਹਿਰ ਕਿਨਾਰੇ ਬੱਚਿਆਂ ਸਮੇਤ ਖੜ੍ਹੇ ਹੋ ਕੇ ਵੀਡੀਓ ਬਣਾਈ, ਜਿਸ ਅਨੁਸਾਰ ਪਿੰਕੀ ਨੇ ਆਪਣੇ ਸੱਸ ਸਹੁਰੇ, ਜੇਠ ਜੇਠਾਣੀ ਅਤੇ ਹੋਰ ਜੀਆਂ ਦੇ ਨਾਂ ਲੈ ਕੇ ਦੋਸ਼ ਲਾਏ ਕਿ ਉਹ ਕਈ ਸਾਲਾਂ ਤੋਂ ਉਸ ਨੂੰ ਸਰੀਰਕ ਅਤੇ ਮਾਨਸਿਕ ਤਸੀਹੇ ਦੇ ਰਹੇ ਸਨ। 

ਵੀਡੀਓ ਵਿਚ ਪਿੰਕੀ ਨੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਮੰਗ ਕੀਤੀ। ਇਹ ਖ਼ੌਫਨਾਕ ਕਦਮ ਚੁੱਕਣ ਮੌਕੇ ਬਦਕਿਸਮਤ ਵਿਆਹੁਤਾ ਨੇ ਸਕੂਲ ਵਰਦੀ ’ਚ ਨਾਲ ਲਿਆਂਦੇ ਦੋਵੇਂ ਬੱਚਿਆਂ ’ਚੋਂ ਪਹਿਲਾਂ ਸੱਤ ਸਾਲਾ ਧੀ ਨਿਮਰਤਪ੍ਰੀਤ ਕੌਰ ਨੂੰ ਨਹਿਰ ’ਚ ਸੁੱਟਿਆ ਅਤੇ ਬਾਅਦ ’ਚ ਚਾਰ ਸਾਲ ਦੇ ਪੁੱਤਰ ਤਜਿੰਦਰਪਾਲ ਸਿੰਘ ਨੂੰ ਲੈ ਕੇ ਨਹਿਰ ’ਚ ਛਾਲ ਮਾਰ ਦਿੱਤੀ।
 ਘਟਨਾ ਮੌਕੇ ਨੇੜੇ ਹੀ ਡਿਊਟੀ ਕਰਦੇ ਸਹਾਇਕ ਥਾਣੇਦਾਰ ਤਰਸੇਮ ਸਿੰਘ ਇੰਚਾਰਜ ਟ੍ਰੈਫਿਕ ਸੈੱਲ ਮਖੂ ਅਤੇ ਕਰਮਚਾਰੀ ਬਲਜਿੰਦਰ ਸਿੰਘ ਨੇ ਰੌਲਾ ਪਾ ਕੇ ਗੋਤਾਖੋਰਾਂ ਨੂੰ ਬੁਲਾਇਆ। 

ਇਸੇ ਦੌਰਾਨ ਨਹਿਰ ’ਚ ਸੁੱਟੀ ਧੀ ਦਾ ਹੱਥ ਦਰਖ਼ਤ ਦੀ ਟਾਹਣੀ ਨੂੰ ਪੈ ਜਾਣ ਕਰ ਕੇ ਪੁਲਿਸ ਅਧਿਕਾਰੀਆਂ ਨੇ ਗੋਤਾਖੋਰਾਂ ਦੀ ਮਦਦ ਨਾਲ ਉਸ ਨੂੰ ਬਚਾਅ ਲਿਆ। ਘਟਨਾ ਮੌਕੇ ਪਹੁੰਚਿਆ ਪਿੰਕੀ ਦਾ ਪਤੀ ਗੁਰਲਾਲ ਸਿੰਘ ਗੋਤਾਖੋਰਾਂ ਵੱਲੋਂ ਬਚਾਈ ਅਤੇ ਵਿਲਕਦੀ ਧੀ ਨੂੰ ਛੱਡ ਕੇ ਉਥੋਂ ਫਰਾਰ ਹੋ ਗਿਆ। 
 4 ਸਾਲਾ ਮਾਸੂਮ ਬੱਚੇ  ਦੀ ਪਾਣੀ ’ਚ ਤਰ ਰਹੀ ਦੀ ਲਾਸ਼ ਕੀਮੇਵਾਲੀ ਪੁਲ ਨੇੜਿਉਂ ਨਹਿਰ ’ਚੋਂ ਕੱਢੀ ਗਈ। ਬਦਕਿਸਮਤ ਪਿੰਕੀ ਦੇ ਬਾਪ ਬਲਵੀਰ ਸਿੰਘ ਵਾਸੀ ਮਲਸੀਹਾਂ ਤਹਿਸੀਲ ਜ਼ੀਰਾ ਨੇ ਦੱਸਿਆ ਕਿ ਪਿੰਕੀ ਦਾ ਪਤੀ ਗੁਰਲਾਲ ਸਿੰਘ ਪਹਿਲਾਂ ਵਿਦੇਸ਼ ਰਹਿੰਦਾ ਸੀ ਅਤੇ ਹੁਣ ਕਈ ਸਾਲ ਪਹਿਲਾਂ ਵਿਦੇਸ਼ੋਂ ਵਾਪਸ ਵੀ ਆ ਗਿਆ ਸੀ ਪਰ ਪਿੰਕੀ ਦਾ ਸਹੁਰਾ ਪਰਿਵਾਰ ਜ਼ੁਲਮ ਕਰਨੋ ਨਹੀਂ ਹਟਦਾ ਸੀ।

ਉਨ੍ਹਾਂ ਦੱਸਿਆ ਕਿ ਕਾਫ਼ੀ ਸਮਾਂ ਉਹ ਧੀ ਨੂੰ ਪੇਕੇ ਘਰ ਰੱਖਦੇ ਸਨ।  ਜਦਕਿ ਸਹੁਰੇ ਘਰ ਜਾਣ ’ਤੇ ਫਿਰ ਸਰੀਰਕ ਅਤੇ ਮਾਨਸਿਕ ਤਸ਼ੱਦਦ ਦਾ ਦੌਰ ਸ਼ੁਰੂ ਹੋ ਜਾਂਦਾ ਸੀ। ਕਈ-ਕਈ ਵਾਰ ਪੰਚਾਇਤੀ ਤੌਰ ’ਤੇ ਵੀ ਧੀ ਨੂੰ ਵੱਸਦੀ ਰੱਖਣ ਲਈ ਤਰਲੇ ਕੀਤੇ ਸਨ। ਪਿੰਕੀ ਦੇ ਪੇਕਾ ਪਰਿਵਾਰ ਨੇ ਦੋਸ਼ੀਆਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰ ਕੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।