ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜਨਾਲਾ ਦੇ ਹਡਰਕਲਾਂ ਤੇ ਗੁਜਰਪੁਰ ਪਿੰਡਾਂ ’ਚ ਮੈਡੀਕਲ ਕੈਂਪ ਕੀਤੇ ਸ਼ੁਰੂ
ਕਿਹਾ : ਹਾਲਾਤ ਆਮ ਵਰਗੇ ਹੋਣ ਤੱਕ ਹੜ੍ਹ ਪੀੜਤਾਂ ਦੀ ਮਦਦ ਰਹੇਗੀ ਜਾਰੀ
ਅੰਮ੍ਰਿਤਸਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਰਾਹਤ ਕਾਰਜ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚਲਾਏ ਜਾ ਰਹੇ ਹਨ। ਅੱਜ ਸੋਮਵਾਰ ਨੂੰ ਕਮੇਟੀ ਵੱਲੋਂ ਅਜਨਾਲਾ ਦੇ ਹਡਰਕਲਾਂ ਅਤੇ ਗੁਜਰਪੁਰ ਪਿੰਡਾਂ ਵਿਚ ਐਸ. ਕੇ. ਹਸਪਤਾਲ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਦੀ ਸ਼ੁਰੂਆਤ ਕੀਤੀ ਗਈ। ਕੈਂਪ ਦੌਰਾਨ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਮੈਂਬਰ ਭੁਪਿੰਦਰ ਸਿੰਘ ਗਿੰਨੀ, ਰਾਜਿੰਦਰ ਸਿੰਘ ਖਿਆਲਾ ਦੀ ਮੌਜੂਦਗੀ ’ਚ ਇਸ ਮੈਡੀਕਲ ਕੈਂਪ ਦੀ ਸ਼ੁਰੂਆਤ ਕੀਤੀ ਗਈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰਨ ਮਗਰੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮੇਟੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਰਾਹਤ ਕਾਰਜ ਲਗਾਤਾਰ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਡੇਰਾ ਪਠਾਣਾ ਅਤੇ ਅਜਨਾਲਾ ’ਚ ਲੰਗਰ ਸੇਵਾ ਲਗਾਤਾਰ ਚੱਲ ਰਹੀ ਹੈ। ਦਿੱਲੀ ਕਮੇਟੀ ਦੇ 400 ਤੋਂ ਜ਼ਿਆਦਾ ਵਾਲੰਟੀਅਰ ਰਾਹਤ ਕਾਰਜਾਂ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਨੂੰ ਸੁੱਕਾ ਰਾਸ਼ਨ, ਦਵਾਈਆਂ, ਮੱਛਰਦਾਨੀਆਂ, ਤਰਪਾਲਾਂ, ਨੌਜਵਾਨਾਂ ਨੂੰ ਟਰੈਕ ਸੂਟ ਵੀ ਉਪਲਬਧ ਕਰਵਾਏ ਜਾ ਰਹੇ ਹਨ।
ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਹੜ੍ਹ ਪੀੜਤ ਇਲਾਕਿਆਂ ਦੇ ਲੋਕਾਂ ਨੂੰ ਪੂਰਾ ਭਰੋਸਾ ਦੁਆਇਆ ਗਿਆ ਹੈ ਕਿ ਇਹ ਸੇਵਾ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਦਿੱਲੀ ਦੀ ਸੰਗਤ ਵੀ ਦਿਲ ਖੋਲ੍ਹ ਕੇ ਕਮੇਟੀ ਨੂੰ ਰਾਹਤ ਕਾਰਜਾਂ ਵਿਚ ਸਹਿਯੋਗ ਕਰ ਰਹੀ ਹੈ। ਕਮੇਟੀ ਦੇ ਸਾਰੇ ਮੈਂਬਰਾਂ ਵੱਲੋਂ ਆਪੋ-ਆਪਣੇ ਇਲਾਕਿਆਂ ਤੋਂ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਤਾਂ ਜੋ ਰਾਹਤ ਕਾਰਜਾਂ ਵਿਚ ਕੋਈ ਘਾਟ ਨਾ ਰਹੇ।
ਕਮੇਟੀ ਦੇ ਆਗੂਆਂ ਨੇ ਕਿਹਾ ਕਿ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਪਾਣੀ ਨਿਕਲਣ ਤੋਂ ਬਾਅਦ ਬਿਮਾਰੀਆਂ ਫੈਲਣ ਦੇ ਡਰ ਦੇ ਚਲਦੇ ਹੀ ਅੱਜ ਤੋਂ ਦੋ ਪਿੰਡਾਂ ’ਚ ਮੈਡੀਕਲ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ ਹੈ। ਆਉਂਦੇ ਸਮੇਂ ’ਚ ਹੋਰਨਾਂ ਥਾਵਾਂ ’ਤੇ ਵੀ ਮੈਡੀਕਲ ਕੈਂਪ ਲਗਾਏ ਜਾਣਗੇ ਅਤੇ ਡਾਕਟਰਾਂ ਦੀਆਂ ਟੀਮਾਂ ਤਾਇਨਾਤ ਕਰਨ ਦੇ ਨਾਲ-ਨਾਲ ਐਂਬੂਲੈਂਸ ਸੇਵਾ ਵੀ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਹਰ ਸੰਭਵ ਮਦਦ ਲਈ ਪੰਜਾਬ ਦੇ ਲੋਕਾਂ ਨਾਲ ਖੜ੍ਹੀ।