Punjab Flood News: ਪੰਜਾਬ ਦੇ ਡੈਮਾਂ ’ਚੋਂ ਪਾਣੀ ਘਟਣਾ ਸ਼ੁਰੂ ਪਰ ਹਾਲੇ ਹੜ੍ਹਾਂ ਦਾ ਖ਼ਤਰਾ ਬਰਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab Flood News: ਹੜ੍ਹਾਂ ਨਾਲ ਮੌਤਾਂ ਦੀ ਗਿਣਤੀ 48 ਤਕ ਪਹੁੰਚੀ, ਸੜਕਾਂ ਤੇ ਪੁਲਾਂ ਦਾ 2000 ਕਰੋੜ ਰੁਪਏ ਦਾ ਹੋਇਆ ਨੁਕਸਾਨ

Punjab Flood News in punjabi
  • ਭਾਖੜਾ, ਪੌਂਗ ਤੇ ਰਣਜੀਤ ਸਾਗਰ ਡੈਮ ਵਿਚ ਪਾਣੀ ਘਟਿਆ ਪਰ ਘੱਗਰ ਵਿਚ ਹਾਲੇ ਖ਼ਤਰੇ ਦੇ ਨਿਸ਼ਾਨ ਤੋਂ ਉਪਰ

Punjab Flood News in punjabi :  ਪੰਜਾਬ ਦੇ ਡੈਮਾਂ ਵਿਚ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਪਰ ਮੀਂਹ ਕਾਰਨ ਹੜ੍ਹਾਂ ਦਾ ਖ਼ਤਰਾ ਹਾਲੇ ਬਰਕਰਾਰ ਹੈ। ਦਰਿਆਵਾਂ ਉਪਰ ਕਈ ਥਾਈਂ ਕਮਜ਼ੋਰ ਬੰਨ੍ਹ ਵੀ ਵੱਡੀ ਮੁਸ਼ਕਲ ਪੈਦਾ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਸੁਲਤਾਨਪੁਰ ਲੋਧੀ ਨੇੜੇ, ਐਡਵਾਂਸ ਬੰਨ੍ਹ ਅਤੇ ਫ਼ਾਜ਼ਿਲਕਾ ਦੇ ਸਤਲੁਜ ਦੇ ਕਾਵਾਂਵਾਲੀ ਬੰਨ੍ਹਾਂ ਦੇ ਖੁਰਨ ਕਾਰਨ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਹੜ੍ਹਾਂ ਦਾ ਵੱਡਾ ਖ਼ਤਰਾ ਬਣਿਆ ਹੋਇਆ ਹੈ। ਹੁਣ ਤਕ ਹੜ੍ਹਾਂ ਨਾਲ 48 ਮੌਤਾਂ ਹੋ ਚੁੱਕੀਆਂ ਹਨ।

ਇਸੇ ਦੌਰਾਨ ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪ੍ਰਗਟਾਵਾ ਕੀਤਾ ਹੈ ਕਿ ਸੂਬੇ ਵਿਚ ਹੜ੍ਹਾਂ ਨਾਲ ਸੜਕਾਂ ਅਤੇ ਪੁਲਾਂ ਦਾ 2000 ਕਰੋੜ ਦਾ ਨੁਕਸਾਨ ਹੋ ਚੁੱਕਾ ਹੈ। ਐਡਵਾਂਸ ਬੰਨ੍ਹ ਨੂੰ ਲੋਕ 15 ਦਿਨ ਤੋਂ ਮਜ਼ਬੂਤ ਕਰ ਕੇ ਪਾਣੀ ਰੋਕਣ ਦੇ ਯਤਨ ਕਰ ਰਹੇ ਹਨ ਜਿਸ ਨਾਲ 30 ਪਿੰਡਾਂ ਨੂੰ ਖ਼ਤਰਾ ਹੈ। ਉਥੇ ਸਤਲੁਜ ਦੇ ਕਾਵਾਂਵਾਲੀ ਨੇੜਲੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਜਾਰੀ ਹੈ ਜਿਸ ਦੇ ਟੁਟਣ ਦੀ ਹਾਲਤ ਵਿਚ ਫ਼ਾਜ਼ਿਲਕਾ ਸ਼ਹਿਰ ਤਕ ਚਪੇਟ ਵਿਚ ਆ ਸਕਦੇ ਹਨ। ਜਾਣਕਾਰੀ ਅਨੁਸਾਰ ਫ਼ਾਜ਼ਿਲਕਾ ਇਲਾਕੇ ਵਿਚੋਂ ਪਾਣੀ ਪਾਕਿਸਤਾਨ ਵਲ ਨੂੰ ਮੋੜਿਆ ਜਾ ਰਿਹਾ ਹੈ।

ਲੁਧਿਆਣਾ ਦੇ ਸਤਲੁਜ ਦਾ ਸਸਰਾਲੀ ਬੰਨ੍ਹ ’ਤੇ ਖ਼ਤਰਾ ਫ਼ਿਲਹਾਲ ਆਰਜ਼ੀਬੰਨ੍ਹ ਬਣਨ ਬਾਅਦ ਟਲਿਆ ਹੈ ਜਿਥੋਂ ਤਕ ਡੈਮਾਂ ਦੀ ਸਥਿਤੀ ਹੈ, ਭਾਖੜਾ ਡੈਮ ਜੋ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਸੀ, ਹੁਣ 2 ਫੁੱਟ ਤਕ ਥੱਲੇ ਆ ਚੁੱਕਾ ਹੈ। ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਦਾ ਪਾਣੀ ਵੀ ਪਹਿਲਾਂ ਨਾਲੋਂ ਥੱਲੇ ਆਇਆ ਹੈ। ਪੌਂਗ ਡੈਮ ਜੋ ਪਹਿਲਾਂ ਖ਼ਤਰੇ ਤੋਂ 14 ਫੁੱਟ ਉਪਰ ਜਾ ਚੁੱਕਾ ਸੀ ਹੁਣ ਥੱਲੇ ਆਉਣ ਬਾਅਦ ਘਟ ਕੇ ਖ਼ਤਰੇ ਦੇ ਨਿਸ਼ਾਨ ਤੋਂ ਚਾਰ ਫੁੱਟ ਉਪਰ ਆ ਗਿਆ ਹੈ।

ਘੱਗਰ ਨਦੀ ਹਾਲੇ ਖ਼ਤਰੇ ਦੇ ਨਿਸ਼ਾਨ ’ਤੇ ਚਲ ਰਹੀ ਹੈ। ਜੇ ਅਗਲੇ ਦਿਨਾਂ ਵਿਚ ਮੀਂਹ ਨਹੀਂ ਰੁਕਦਾ ਤਾਂ ਪਾਣੀ ਮੁੜ ਵਧਣ ਨਾਲ ਖ਼ਤਰਾ ਵੱਧ ਸਕਦਾ ਹੈ। ਹਾਲੇ ਵੀ 2000 ਪਿੰਡ ਪਾਣੀ ਦੀ ਮਾਰ ਹੇਠ ਹਨ ਭਾਵੇਂ ਕਿ ਜ਼ਿਆਦਾ ਪ੍ਰਭਾਵਤ ਪਠਾਨਕੋਟ, ਗੁਰਦਾਸਪੁਰ, ਕਪੂਰਥਲਾ ਤੇ ਹੁਸ਼ਿਆਰਪੁਰ ਆਦਿ ਜ਼ਿਲ੍ਹਿਆਂ ਦੇ ਰਿਹਾਇਸ਼ੀ ਖੇਤਰਾਂ ਵਿਚ ਪਾਣੀ ਮੌਸਮ ਕੁੱਝ ਸਾਫ਼ ਰਹਿਣ ਕਾਰਨ ਘਟਿਆ ਹੈ। 

ਚੰਡੀਗੜ੍ਹ ਤੋਂ ਗੁਰਉਪਦੇਸ਼ ਭੁੱਲਰ ਦੀ ਰਿਪੋਰਟ

(For more news apart from “Punjab Flood News in punjabi ,” stay tuned to Rozana Spokesman.)