ਹੜ੍ਹ ਦੇ ਪਾਣੀ ਵਿੱਚ ਡੁੱਬਣ ਨਾਲ ਨੌਜਵਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਸ਼ੂਆਂ ਨੂੰ ਬਚਾਉਂਦੇ ਸਮੇਂ ਹੋ ਗਿਆ ਸੀ ਲਾਪਤਾ, ਚੌਥੇ ਦਿਨ ਪਾਣੀ ਵਿੱਚ ਤੈਰਦੀ ਮਿਲੀ ਲਾਸ਼

Youth dies after drowning in flood water

ਫਾਜ਼ਿਲਕਾ: ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਇਲਾਕੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਇਸੇ ਕਾਰਨ ਕਈ ਪਿੰਡ ਇਸ ਦੀ ਲਪੇਟ ਵਿੱਚ ਹਨ। ਪਿੰਡ ਰੇਤੇ ਵਾਲੀ ਭੈਣੀ ਤੋਂ ਇੱਕ ਬੁਰੀ ਖਬਰ ਸਾਹਮਣੇ ਆਈ ਹੈ, ਜਿੱਥੇ ਸਤਲੁਜ ਦੇ ਪਾਣੀ ਵਿੱਚ ਰੁੜ੍ਹੇ ਪਸ਼ੂਆਂ ਨੂੰ ਬਚਾਉਣ ਗਿਆ ਇੱਕ ਨੌਜਵਾਨ ਖੁਦ ਪਾਣੀ ਵਿੱਚ ਡੁੱਬ ਗਿਆ ਅਤੇ ਲਾਪਤਾ ਹੋ ਗਿਆ। ਨੌਜਵਾਨ ਦੀ ਅੱਜ ਚੌਥੇ ਦਿਨ ਪਾਣੀ ਵਿੱਚ ਤੈਰਦੀ ਹੋਈ ਲਾਸ਼ ਮਿਲੀ ਹੈ। ਪੋਸਟਮਾਰਟਮ ਕਰਵਾਉਣ ਲਈ ਮ੍ਰਿਤਕ ਦੀ ਦੇਹ ਸਰਕਾਰੀ ਹਸਪਤਾਲ ਵਿੱਚ ਰਖਵਾਈ ਗਈ ਹੈ। 
ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਮ੍ਰਿਤਕ ਹਰਭਜਨ ਸਿੰਘ ਉਰਫ਼ ਬਿੱਟੂ (30 ਸਾਲ) ਪਿੰਡ ਰੇਤੇ ਵਾਲੀ ਭੈਣੀ ਦਾ ਰਹਿਣ ਵਾਲਾ ਸੀ। ਜਿਸ ਦਾ ਘਰ ਵੀ ਸਤਲੁਜ ਦਰਿਆ ਵਿੱਚ ਆਏ ਹੜ੍ਹ ਦੀ ਲਪੇਟ ਵਿੱਚ ਆ ਚੁੱਕਾ ਸੀ ਅਤੇ ਇਸੇ ਕਾਰਨ ਉਸ ਦੇ ਪਸ਼ੂ ਪਾਣੀ ਵਿੱਚ ਰੁੜ ਗਏ। ਜਦੋਂ ਹਰਭਜਨ ਸਿੰਘ ਪਾਣੀ ਵਿੱਚ ਰੁੜੇ ਪਸ਼ੂਆਂ ਨੂੰ ਬਚਾਉਣ ਲਈ ਗਿਆ, ਤਾਂ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਪਾਣੀ ਜ਼ਿਆਦਾ ਹੋਣ ਕਾਰਨ ਉਹ ਡੁੱਬ ਗਿਆ।

ਪਿਛਲੇ ਕੁੱਝ ਦਿਨਾਂ ਤੋਂ ਲਾਪਤਾ ਹਰਭਜਨ ਸਿੰਘ ਦੀ ਭਾਲ ਕੀਤੀ ਜਾ ਰਹੀ ਸੀ, ਜਿਸ ਦੀ ਅੱਜ ਚੌਥੇ ਦਿਨ ਪਿੰਡ ਝਾਂਗੜ ਭੈਣੀ ਨੇੜੇ ਪਾਣੀ ਵਿੱਚ ਤੈਰਦੀ ਹੋਈ ਲਾਸ਼ ਮਿਲੀ। ਸਰਪੰਚ ਮੁਤਾਬਕ ਮ੍ਰਿਤਕ ਨੌਜਵਾਨ ਵਿਆਹਿਆ ਹੋਇਆ ਸੀ, ਜਿਸ ਦੇ ਤਿੰਨ ਬੱਚੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਉਸ ਦੇ ਪਿਤਾ ਅਤੇ ਭਰਾ ਦੀ ਵੀ ਮੌਤ ਹੋ ਚੁੱਕੀ ਹੈ। ਉਨ੍ਹਾਂ ਪਰਿਵਾਰ ਲਈ ਆਰਥਿਕ ਮਦਦ ਦੀ ਅਪੀਲ ਕੀਤੀ ਹੈ।