ਮੋਦੀ ਜੀ ਸਿਰਫ਼ ਟਨਲ 'ਚ ਹੱਥ ਹਿਲਾਉਣਾ ਛੱਡੋ, ਅਪਣੀ ਚੁੱਪੀ ਤੋੜੋ : ਰਾਹੁਲ ਗਾਂਧੀ
ਮੋਦੀ ਜੀ ਸਿਰਫ਼ ਟਨਲ 'ਚ ਹੱਥ ਹਿਲਾਉਣਾ ਛੱਡੋ, ਅਪਣੀ ਚੁੱਪੀ ਤੋੜੋ : ਰਾਹੁਲ ਗਾਂਧੀ
ਕਿਹਾ, ਦੇਸ਼ ਤੁਹਾਨੂੰ ਪੁੱਛ ਰਿਹੈ ਕਈ ਸਵਾਲ
ਨਵੀਂ ਦਿੱਲੀ, 7 ਅਕਤੂਬਰ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅਪਣੀ ਪੰਜਾਬ ਫੇਰੀ ਤੋਂ ਬਾਅਦ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਵੱਖ-ਵੱਖ ਮੁੱਦਿਆਂ 'ਤੇ ਕਈ ਸਵਾਲ ਪੁੱਛੇ ਹਨ।
ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਪੀਐਮ ਮੋਦੀ ਨੂੰ ਕਿਹਾ 'ਦੇਸ਼ ਤੁਹਾਨੂੰ ਕੁੱਝ ਪੁੱਛ ਰਿਹਾ ਹੈ। ਰਾਹੁਲ ਗਾਂਧੀ ਨੇ ਬੀਤੇ ਦਿਨ ਪਟਿਆਲਾ ਵਿਖੇ ਹੋਈ ਪ੍ਰੈਸ ਕਾਨਫਰੰਸ ਦੀ ਵੀਡੀਉ ਟਵਿਟਰ 'ਤੇ ਸਾਂਝੀ ਕੀਤੀ। 2.19 ਸੈਕਿੰਡ ਦੀ ਇਸ ਵੀਡੀਉ ਵਿਚ ਰਾਹੁਲ ਗਾਂਧੀ ਦੇ ਕਈ ਸਵਾਲ ਹਨ, ਜੋ ਉਹਨਾਂ ਨੇ ਪ੍ਰਧਾਨ ਮੰਤਰੀ ਲਈ ਕੀਤੇ ਹਨ।
ਕਾਂਗਰਸ ਨੇਤਾ ਨੇ ਪੀਐਮ ਮੋਦੀ ਕੋਲੋਂ ਚੀਨ ਤਕ ਦੇ ਹਰ ਮੁੱਦੇ 'ਤੇ ਜਵਾਬ ਮੰਗਿਆ ਹੈ। ਉਹਨਾਂ ਲਿਖਿਆ, 'ਪੀਐਮ ਜੀ ਸਿਰਫ਼ ਟਨਲ ਵਿਚ ਹੱਥ ਹਿਲਾਉਣਾ ਛੱਡੋ, ਅਪਣੀ ਚੁੱਪੀ ਤੋੜੋ। ਸਵਾਲਾਂ ਦਾ ਸਾਹਮਣਾ ਕਰੋ, ਦੇਸ਼ ਤੁਹਾਨੂੰ ਕੁੱਝ ਪੁੱਛ ਰਿਹਾ ਹੈ'।
ਕੋਰੋਨਾ ਵਾਇਰਸ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ, 'ਇਕ ਆਦਮੀ ਤੁਹਾਨੰ ਫ਼ਰਵਰੀ ਵਿਚ ਕਹਿ ਰਿਹਾ ਹੈ ਕਿ ਕੋਰੋਨਾ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਜ਼ਬਰਦਸਤ ਸੱਟ ਪਹੁੰਚੇਗੀ, ਦੂਜਾ ਵਿਅਕਤੀ ਕਹਿ ਰਿਹਾ ਹੈ ਕਿ 22 ਦਿਨ ਵਿਚ ਇਹ ਲੜਾਈ ਜਿੱਤੀ ਜਾਵੇਗੀ। ਸਮਝ ਕਿਸ ਨੂੰ ਹੈ ਇਹ ਤੁਸੀਂ ਤੈਅ ਕਰੋ'।
ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਨਾਲ ਛੋਟੇ ਦਰਮਿਆਨੇ ਕਾਰੋਬਾਰ ਬਰਬਾਦ ਹੋ ਗਏ ਅਤੇ ਪੀਐਮ ਨੋ ਸਿਰਫ਼ ਅਪਣੇ 2-3 ਦੋਸਤਾਂ ਦੀ ਮਦਦ ਕੀਤੀ। ਨਵੇਂ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਦੇ ਹੋਏ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹਨਾਂ ਦੀ ਪੰਜਾਬ ਯਾਤਰਾ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਹੈ। ਉਹਨਾਂ ਨੇ ਹਾਥਰਸ ਮਾਮਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਨੂੰ ਲੈ ਕੇ ਸਵਾਲ ਕੀਤੇ। ਭਾਰਤ-ਚੀਨ ਵਿਚਾਲੇ ਜਾਰੀ ਤਣਾਅ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੀ ਜ਼ਿੰਮੇਵਾਰੀ ਤੋਂ ਬਚ ਰਹੇ ਹਨ। (ਪੀਟੀਆਈ)