ਸ਼ੱਕੀ ਵਿਅਕਤੀ ਵਿਦੇਸ਼ੀ ਫ਼ੰਡਿੰਗ ਨਾਲ ਦੇਸ਼ 'ਚ ਭੜਕਾਉਣਾ ਚਾਹੁੰਦੇ ਸਨ ਦੰਗੇ, ਦੇਸ਼ਧ੍ਰੋਹ 'ਚ ਐਫ਼.ਆਈ.ਆਰ.
ਸ਼ੱਕੀ ਵਿਅਕਤੀ ਵਿਦੇਸ਼ੀ ਫ਼ੰਡਿੰਗ ਨਾਲ ਦੇਸ਼ 'ਚ ਭੜਕਾਉਣਾ ਚਾਹੁੰਦੇ ਸਨ ਦੰਗੇ, ਦੇਸ਼ਧ੍ਰੋਹ 'ਚ ਐਫ਼.ਆਈ.ਆਰ. ਦਰਜ
ਹਾਥਰਸ ਮਾਮਲੇ 'ਚ ਕਵਰੇਜ ਦੇ ਬਹਾਨੇ ਕਾਰ 'ਚ ਫੜੇ ਗਏ ਸੀ ਚਾਰੇ ਸ਼ੱਕੀ ਵਿਅਕਤੀ
ਲਖਨਊ, 7 ਅਕਤੂਬਰ : ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਮੋਂਟ ਟੋਲ ਪਲਾਜ਼ਾ ਵਿਖੇ ਕਵਰੇਜ ਦੇ ਬਹਾਨੇ ਕਾਰ 'ਚ ਫੜੇ ਚਾਰ ਸ਼ੱਕੀ ਵਿਅਕਤੀ ਹਾਥਰਸ 'ਚ ਮਾਹੌਲ ਖ਼ਰਾਬ ਕਰਨ ਜਾ ਰਹੇ ਸਨ। ਇਨ੍ਹਾਂ ਦਾ ਸਬੰਧ ਪੀਐਫ਼ਆਈ (ਪਾਪੂਲਰ ਫ਼ਰੰਟ ਆਫ਼ ਇੰਡੀਆ) ਅਤੇ ਸੀਐਫ਼ਆਈ (ਕੈਂਪਸ ਫ਼ਰੰਟ ਆਫ਼ ਇੰਡੀਆ) ਸੰਸਥਾਵਾਂ ਨਾਲ ਹੈ। ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਜੇਲ ਭੇਜ ਦਿਤਾ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਇਕ ਕਥਿਤ ਪੱਤਰਕਾਰ ਅਤੇ ਤਿੰਨ ਹੋਰਨਾਂ ਖ਼ਿਲਾਫ਼ ਦੇਸ਼ ਧ੍ਰੋਹ ਦੀ ਧਾਰਾ ਤਹਿਤ ਐਫ਼ਆਈਆਰ ਦਰਜ ਕੀਤੀ ਹੈ।
ਮਥੁਰਾ ਪੁਲਿਸ ਦੁਆਰਾ ਹਾਥਰਸ ਵਿਚ ਸ਼ਾਂਤੀ ਭੰਗ ਕਰਨ ਅਤੇ ਦੰਗਾ ਭੜਕਾਉਣ, ਦੇਸ਼ ਧ੍ਰੋਹ, ਵਿਦੇਸ਼ੀ ਫੰਡਿੰਗ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ ਚਾਰ ਸ਼ੱਕੀ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ 'ਚ ਸਬ-ਇੰਸਪੈਕਟਰ ਪ੍ਰਬਲ ਪ੍ਰਤਾਪ ਸਿੰਘ ਨੇ ਬੁੱਧਵਾਰ ਨੂੰ ਥਾਣੇ 'ਚ ਕੇਸ ਦਰਜ ਕੀਤਾ ਹੈ। ਇਸਦੀ ਪੜਤਾਲ ਥਾਣਾ ਇੰਚਾਰਜ ਭੀਮ ਸਿੰਘ ਜਵਾਲਾ ਨੂੰ ਸੌਂਪੀ ਗਈ ਹੈ। ਬੁੱਧਵਾਰ ਨੂੰ ਇਨ੍ਹਾਂ ਚਾਰਾਂ ਨੂੰ ਸੀਜੇਐਮ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ 14 ਦਿਨਾਂ ਦੀ ਨਿਆਂਇਕ ਹਿਰਾਸਤ ਲਈ ਜੇਲ ਭੇਜ ਦਿਤਾ ਗਿਆ।
ਪੁਲਿਸ ਨੇ ਐਫ਼ਆਈਆਰ 'ਚ ਦਸਿਆ ਹੈ ਕਿ ਇਹ ਲੋਕ ਹਾਥਰਸ 'ਚ ਪੀੜਤ ਪਰਵਾਰ ਨੂੰ ਮਿਲਣ ਜਾ ਰਹੇ ਸਨ। ਕਥਿਤ ਪੱਤਰਕਾਰ ਇਕ ਵੈਬਸਾਈਟ ਦਾ ਸੰਚਾਲਕ ਹੈ। ਇਸ ਵੈਬਸਾਈਟ ਦੇ ਫ਼ੰਡਿੰਗ ਦੇ ਸਬੰਧ 'ਚ ਸਵਾਲ ਉੱਠ ਰਹੇ ਹਨ। ਪੁਲਿਸ ਸੂਤਰ ਕਹਿੰਦੇ ਹਨ ਕਿ ਵੈਬਸਾਈਟ ਦੀ ਫੰਡਿੰਗ ਪਾਰਦਰਸ਼ੀ ਨਹੀਂ ਹੈ ਅਤੇ ਦੰਗਿਆਂ ਨੂੰ ਭੜਕਾਉਣ 'ਚ ਵੀ ਇਸਦੀ ਵਰਤੋਂ ਕੀਤੀ ਗਈ ਸੀ। (ਪੀਟੀਆਈ)
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਨਾਂ ਅਤੀਕ ਉਰ ਰਹਿਮਾਨ ਪੁੱਤਰ ਰੂਨਕ ਅਲੀ ਨਿਵਾਸੀ ਨਗਲਾ ਥਾਣਾ ਰਤਨਪੁਰੀ ਮੁਜ਼ੱਫਰਨਗਰ, ਸਿਦਿੱਕੀ ਪੁੱਤਰ ਮੁਹੰਮਦ ਚੜੂਰ ਨਿਵਾਸੀ ਬੈਂਗੜਾ ਥਾਣਾ ਮੱਲਪੁਰਮ ਕੇਰਲਾ, ਮਸੂਦ ਅਹਿਮਦ ਨਿਵਾਸੀ ਜਰਵਾਲ ਥਾਣਾ ਅਤੇ ਕਸੂਰ ਸ਼ੀਅਰ ਰੋਡ ਜ਼ਿਲ੍ਹਾ ਬਹਰਾਇਚ ਅਤੇ ਆਲਮ ਪੁੱਤਰ ਲਾਇਕ ਪਹਿਲਵਾਨ ਵਾਸੀ ਘੇਰ ਫਤਿਹ ਖਾਂ ਥਾਣਾ ਜਨਤਵਾਲੀ ਜਨਤ ਕੋਟਾ ਹਨ ਰਾਮਪੁਰ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਮੋਬਾਈਲ ਫੋਨ, ਲੈਪਟਾਪ ਅਤੇ ਕੁਝ ਸਾਹਿਤ ਬਰਾਮਦ ਕੀਤਾ ਹੈ ਜੋ ਰਾਜ ਦੀ ਅਮਨ ਸ਼ਾਂਤੀ ਅਤੇ ਵਿਵਸਥਾ ਲਈ ਰੁਕਾਵਟ ਬਣ ਸਕਦੇ ਹਨ। ਮੁਲਜ਼ਮਾਂ ਨੇ ਪੁਛਗਿੱਛ 'ਚ ਪੀਐਫਆਈ ਅਤੇ ਇਸਦੀ ਸਹਿਯੋਗੀ ਸੰਸਥਾ ਕੈਂਪਸ ਫਰੰਟ ਆਫ਼ ਇੰਡੀਆ ਨਾਲ ਜੁੜੇ ਹੋਣ ਦੀ ਗੱਲ ਕਬੂਲ ਕੀਤੀ ਹੈ।
ਐਫਆਈਆਰ ਅਨੁਸਾਰ ਮੁਲਜ਼ਮ ਕੋਲੋਂ ਕੁਝ ਪਰਚੇ ਵੀ ਮਿਲੇ ਹਨ, ਜਿਸ ਵਿਚ ਲਿਖਿਆ ਹੈ- 'ਮੈਂ ਭਾਰਤ ਦੀ ਧੀ ਨਹੀਂ ਹਾਂ'। ਪੁਲਿਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। (ਪੀਟੀਆਈ)