ਮੰਤਰੀਆਂ ਨੂੰ  ਕੰਮਾਂ ਤੇ ਪ੍ਰੋਗਰਾਮਾਂ ਦੀ ਨਿਗਰਾਨੀ ਤੇ ਸਮੀਖਿਆ ਲਈ ਵੱਖ-ਵੱਖ ਜ਼ਿਲ੍ਹੇ ਵੰਡੇ

ਏਜੰਸੀ

ਖ਼ਬਰਾਂ, ਪੰਜਾਬ

ਮੰਤਰੀਆਂ ਨੂੰ  ਕੰਮਾਂ ਤੇ ਪ੍ਰੋਗਰਾਮਾਂ ਦੀ ਨਿਗਰਾਨੀ ਤੇ ਸਮੀਖਿਆ ਲਈ ਵੱਖ-ਵੱਖ ਜ਼ਿਲ੍ਹੇ ਵੰਡੇ

image

ਜ਼ਿਲ੍ਹੇ ਦੇ ਮੰਤਰੀ ਇੰਚਾਰਜਾਂ ਵਜੋਂ ਨਿਯੁਕਤੀ, ਨਾਲ ਆਈ.ਏ.ਐਸ. ਅਧਿਕਾਰੀ ਵੀ ਸਕੱਤਰ ਵਜੋਂ ਲਾਏ

ਚੰਡੀਗੜ੍ਹ, 7 ਅਕਤੂਬਰ (ਭੁੱਲਰ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਮੁਤਾਬਕ ਵਿਕਾਸ ਕਾਰਜਾਂ ਨੂੰ  ਸਹੀ ਤਰੀਕੇ ਨਾਲ ਨੇਪਰੇ ਚਾੜ੍ਹਨ ਅਤੇ ਪ੍ਰਸ਼ਾਸਨ ਦੇ ਕੰਮਕਾਰ ਨੂੰ  ਦਰੁਸਤ ਕਰਨ ਲਈ ਵੱਖ ਵੱਖ ਮੰਤਰੀਆਂ ਨੂੰ  ਕੰਮਾਂ ਤੇ ਪ੍ਰੋਗਰਾਮਾਂ ਦੀ ਨਿਗਰਾਨੀ ਤੇ ਸਮੀਖਿਆ ਲਈ ਜ਼ਿਲਿ੍ਹਆਂ ਦੀ ਵੰਡ ਕਰ ਕੇ ਉਨ੍ਹਾਂ ਨੂੰ  ਜ਼ਿਲ੍ਹੇ ਦੇ ਮੰਤਰੀ ਇੰਚਾਰਜ ਵਜੋਂ ਜ਼ਿੰਮੇਵਾਰੀ ਦਿਤੀ ਗਈ ਹੈ | 
ਇਸੇ ਤਰ੍ਹਾਂ ਮੰਤਰੀਆਂ ਦੀ ਸਹਾਇਤਾ ਲਈ 23 ਸੀਨੀਅਰ ਆਈ.ਏ.ਐਸ. ਅਫ਼ਸਰਾਂ ਨੂੰ  ਵੱਖ ਵੱਖ ਜ਼ਿਲਿ੍ਹਆਂ ਦੇ ਸਕੱਤਰ ਇੰਚਾਰਜ ਦੀ ਜ਼ਿੰਮੇਵਾਰੀ ਦਿਤੀ ਗਈ ਹੈ | ਇਸ ਸਬੰਧ ਵਿਚ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਮੁੱਖ ਮੰਤਰੀ ਦੀ ਪ੍ਰਵਾਨਗੀ ਨਾਲ ਉਚ ਅਧਿਕਾਰੀਆਂ ਨੂੰ  ਸੂਚਿਤ ਕਰਨ ਲਈ ਪੱਤਰ ਜਾਰੀ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਇਸ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਖ਼ਾਸ ਖ਼ਿਆਲ ਰਖਿਆ ਗਿਆ ਹੈ | ਉਨ੍ਹਾਂ ਦੀ ਪਸੰਦ ਦਾ ਮੰਤਰੀ ਤੇ ਅਧਿਕਾਰੀ ਉਨ੍ਹਾਂ ਦੇ ਜ਼ਿਲ੍ਹੇ ਵਿਚ ਲਾਏ ਗਏ ਹਨ | ਪਟਿਆਲਾ ਜ਼ਿਲ੍ਹਾ ਡਾ. ਰਾਜ ਕੁਮਾਰ ਵੇਰਕਾ ਨੂੰ  ਦਿਤਾ ਗਿਆ ਹੈ ਤੇ ਆਈ.ਏ.ਐਸ. ਅਧਿਕਾਰੀ ਕ੍ਰਿਸ਼ਨ ਕੁਮਾਰ ਸਕੱਤਰ ਇੰਚਾਰਜ ਹੋਣਗੇ | ਜ਼ਿਕਰਯੋਗ ਹੈ ਕਿ ਬਾਦਲਾਂ ਦੇ ਹਲਕਿਆਂ ਵਾਲੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਤੇ ਫ਼ਿਰੋਜ਼ਪੁਰ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ  ਦਿਤੇ ਗਏ ਹਨ | ਜ਼ਿਲ੍ਹਾ ਪ੍ਰਸ਼ਾਸਨ ਦੇ ਕੰਮਾਂ ਨੂੰ  ਤੇਜ਼ੀ ਨਾਲ ਚਲਾਉਣ ਅਤੇ ਵਧੇਰੇ ਚੁਸਤ ਦਰੁਸਤ ਕਰਨ ਦੇ ਮਕਸਦ ਨਾਲ ਇਹ ਜ਼ਿੰਮੇਵਾਰੀਆਂ ਮੰਤਰੀਆਂ ਅਤੇ ਸੀਨੀਅਰ ਆਈ.ਏ.ਐਸ ਅਧਿਕਾਰੀਆਂ ਨੂੰ  ਦਿਤੀਆਂ ਗਈਆਂ ਹਨ |
ਮੰਤਰੀਆਂ ਨੂੰ  ਇਹ ਜ਼ਿਲ੍ਹੇ ਹੋਏ ਅਲਾਟ : ਪੰਜਾਬ ਸਰਕਾਰ ਦੇ ਕੰਮਾਂ ਤੇ ਪ੍ਰੋਗਰਾਮਾਂ ਦੀ ਨਿਗਰਾਨੀ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਵਾਨਗੀ ਬਾਅਦ ਵੱਖ ਵੱਖ ਮੰਤਰੀਆਂ ਨੂੰ  ਜ਼ਿਲ੍ਹੇ ਅਲਾਟ ਕਰ ਦਿਤੇ ਗਏ ਹਨ | ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ  ਫ਼ਿਰੋਜ਼ਪੁਰ ਤੇ ਸ੍ਰੀ ਮੁਕਤਸਰ ਸਾਹਿਬ, ਓ.ਪੀ ਸੋਨੀ ਨੂੰ  ਜਲੰਧਰ, ਬ੍ਰਹਮ ਮਹਿੰਦਰ ਨੂੰ  ਮੋਹਾਲੀ, ਮਨਪ੍ਰੀਤ ਬਾਦਲ ਨੂੰ  ਲੁਧਿਆਣਾ ਤੇ ਰੋਪੜ, ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨੂੰ  ਅੰਮਿ੍ਤਸਰ ਤੇ ਤਰਨਤਾਰਨ, ਅਰੁਣ ਚੌਧਰੀ ਨੂੰ  ਹੁਸ਼ਿਆਰਪੁਰ ਤੇ ਪਠਾਨਕੋਟ, ਰਾਣਾ ਗੁਰਜੀਤ ਨੂੰ  ਬਰਨਾਲਾ ਤੇ ਮੋਗਾ, ਵਿਜੈ ਇੰਦਰ ਸਿੰਗਲਾ ਨੂੰ  ਫ਼ਤਿਹਗੜ੍ਹ ਸਾਹਿਬ, ਭਾਰਤ ਭੂਸ਼ਨ ਆਸ਼ੂ ਨੂੰ  ਸੰਗਰੂਰ ਤੇ ਫ਼ਰੀਦਕੋਟ, ਰਣਦੀਪ ਨਾਭਾ ਨੂੰ  ਕਪੂਰਥਲਾ, ਰਾਜ ਕੁਮਾਰ ਵੇਰਕਾ ਨੂੰ  ਪਟਿਆਲਾ, ਸੰਗਤ ਸਿੰਘ ਗਿਲਜੀਆਂ ਨੂੰ  ਸ਼ਹੀਦ ਭਗਤ ਸਿੰਘ ਨਗਰ, ਪ੍ਰਗਟ ਸਿੰਘ ਨੂੰ  ਮਲੇਰਕੋਟਲਾ, ਰਾਜਾ ਵੜਿੰਗ ਨੂੰ  ਮਾਨਸਾ  ਅਤੇ  ਗੁਰਕੀਰਤ ਕੋਟਲੀ ਨੂੰ  ਜ਼ਿਲ੍ਹਾ ਬਠਿੰਡਾ ਦਿਤਾ ਗਿਆ ਹੈ |