ਵੱਖ-ਵੱਖ ਸ਼ਖ਼ਸੀਅਤਾਂ ਅਤੇ ਹਜ਼ਾਰਾਂ ਸੰਗਤਾਂ ਨੇ ਜਥੇਦਾਰ ਸੇਖਵਾਂ ਨੂੰ ਦਿਤੀ ਅੰਤਮ ਵਿਦਾਇਗੀ

ਏਜੰਸੀ

ਖ਼ਬਰਾਂ, ਪੰਜਾਬ

ਵੱਖ-ਵੱਖ ਸ਼ਖ਼ਸੀਅਤਾਂ ਅਤੇ ਹਜ਼ਾਰਾਂ ਸੰਗਤਾਂ ਨੇ ਜਥੇਦਾਰ ਸੇਖਵਾਂ ਨੂੰ ਦਿਤੀ ਅੰਤਮ ਵਿਦਾਇਗੀ

image

ਧਾਰੀਵਾਲ, 7 ਅਕਤੂਬਰ (ਇੰਦਰ ਜੀਤ): ਬੀਤੀ ਸ਼ਾਮ ਨੂੰ ਸਾਬਕਾ ਮੰਤਰੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਦੀ ਲੰਬੀ ਬਿਮਾਰੀ ਪਿੱਛੋਂ ਮੌਤ ਹੋ ਗਈ ਸੀ। ਅੱਜ ਉਨ੍ਹਾਂ ਦਾ ਅੰਤਮ ਸਸਕਾਰ ਜੱਦੀ ਪਿੰਡ ਸੇਖਵਾਂ ਵਿਚ ਦੁਪਿਹਰ ਸਮੇਂ ਕਰ ਦਿਤਾ ਗਿਆ।  ਇਸ ਦੌਰਾਨ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ, ਵੱਖ ਵੱਖ ਰਾਜਨੀਤਕ, ਧਾਰਮਕ ਅਤੇ ਸਮਾਜਕ ਸ਼ਖ਼ਸੀਅਤਾਂ ਉਨ੍ਹਾਂ ਦੇ ਗ੍ਰਹਿ ਪਿੰਡ ਸੇਖਵਾਂ ਵਿਖੇ ਪੁੱਜਣੇ ਸ਼ੁਰੂ ਹੋ ਗਈਆਂ ਸਨ। ਉਹ ਦੁਪਹਿਰ ਕਰੀਬ 2 ਵਜੇ  ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਅਰਥੀ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਮਸ਼ਾਨਘਾਟ ਲਈ ਰਵਾਨਾ ਹੋਏ। ਜਿਥੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੀਤ ਹੇਅਰ, ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਅਸ਼ਫਾਕ, ਹਰਵਿੰਦਰ ਸਿੰਘ ਸੰਧੂ, ਤਹਿਸੀਲਦਾਰ ਅਰਵਿੰਦਰ ਸਲਵਾਨ, ਪੁਲਿਸ ਅਧਿਕਾਰੀਆਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਦੌਰਾਨ ਪੁਲਿਸ ਦੀ ਟੁਕੜੀ ਨੇ ਉਨ੍ਹਾਂ ਨੂੰ  ਸਸ਼ਤਰਾਂ ਸਮੇਤ ਸ਼ਰਧਾਂਜਲੀ ਦਿਤੀ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਅਤੇ ਮਹਿਰਾਜ ਸਿੰਘ ਯੂਐਸਏ ਨੇ ਦਿਤੀ। 
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਜ਼ੀਰ ਸੁੱਚਾ ਸਿੰਘ ਲੰਗਾਹ, ਸ਼੍ਰੋਮਣੀ ਅਕਾਲੀ ਦਲ ਯੂਥ ਦੇ ਕੌਮੀ ਆਗੂ ਰਵੀਕਰਨ ਸਿੰਘ ਕਾਹਲੋਂ, ਸ਼੍ਰੋਮਣੀ ਅਕਾਲੀ ਦਲ ਦੀ ਪੀਏਸੀ ਮੈਂਬਰ ਗੁਰਇਕਬਾਲ ਸਿੰਘ ਮਾਹਲ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ,  ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ, ਕਾਂਗਰਸੀ ਆਗੂ ਗੁਰਮੀਤ ਸਿੰਘ ਪਾਹੜਾ, ਸਰਬਜੀਤ ਸਿੰਘ ਬਾਜਵਾ ਮੁਹਾਲੀ ਆਦਿ ਹਾਜ਼ਰ ਸਨ।