ਲਖੀਮਪੁਰ ਖੇੜੀ ਮਾਮਲਾ: ਸੁਪਰੀਮ ਕੋਰਟ ਦਾ ਯੂ.ਪੀ. ਸਰਕਾਰ ਨੂੰ ਸਵਾਲ, ‘ਕਿੰਨੇ ਮੁਲਜ਼ਮ ਗਿ੍ਰਫ਼ਤਾਰ ਹੋਏ?

ਏਜੰਸੀ

ਖ਼ਬਰਾਂ, ਪੰਜਾਬ

ਲਖੀਮਪੁਰ ਖੇੜੀ ਮਾਮਲਾ: ਸੁਪਰੀਮ ਕੋਰਟ ਦਾ ਯੂ.ਪੀ. ਸਰਕਾਰ ਨੂੰ ਸਵਾਲ, ‘ਕਿੰਨੇ ਮੁਲਜ਼ਮ ਗਿ੍ਰਫ਼ਤਾਰ ਹੋਏ?’

image

4 ਕਿਸਾਨਾਂ ਸਮੇਤ ਅੱਠ ਲੋਕਾਂ ਦੇ ਕਤਲ ਨੂੰ ਦਸਿਆ 

ਨਵੀਂ ਦਿੱਲੀ, 7 ਅਕਤੂਬਰ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ’ਚ 3 ਅਕਤੂਬਰ ਦੀ ਹਿੰਸਕ ਘਟਨਾ ’ਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਹਤਿਆ ਨੂੰ ‘ਮੰਦਭਾਗਾ’ ਦੱਸਦੇ ਹੋਏ ਉਤਰ ਪ੍ਰਦੇਸ਼ ਸਰਕਾਰ ਨੂੰ ਸ਼ੁਕਰਵਾਰ ਤਕ ਸਥਿਤੀ ਰੀਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿਤਾ। ਇਸ ਸਥਿਤੀ ਰੀਪੋਰਟ ’ਚ ਰਾਜ ਸਰਕਾਰ ਨੂੰ ਐਫ਼ਆਈਆਰ ’ਚ ਨਾਮਜ਼ਦ ਦੋਸ਼ੀਆਂ ਦੇ ਵੇਰਵਿਆਂ ਨਾਲ ਇਹ ਵੀ ਦੱਸਣਾ ਹੈ ਕਿ ਕੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਨੇ ਰਾਜ ਸਰਕਾਰ ਵਲੋਂ ਗਠਿਤ ਐਸਆਈਟੀ ਦੇ ਵੇਰਵੇ ਵੀ ਮੰਗੇ ਹਨ। 
ਸੁਣਵਾਈ ਦੌਰਾਨ ਅਦਾਲਤ ਨੇ ਯੂ. ਪੀ. ਸਰਕਾਰ ਤੋਂ ਪੁਛਿਆ ਕਿ ਕੌਣ ਮੁਲਜ਼ਮ ਹੈ, ਹੁਣ ਤਕ ਕਿੰਨੀਆਂ ਗਿ੍ਰਫ਼ਤਾਰੀਆਂ ਹੋਈਆਂ। ਕਿਸ ਦੇ ਖ਼ਿਲਾਫ਼ ਐਫ. ਆਈ. ਆਰ. ਦਰਜ ਹੋਈ? ਅਦਾਲਤ ਨੇ ਇਸ ਮਾਮਲੇ ’ਚ ਯੂ. ਪੀ. ਸਰਕਾਰ ਤੋਂ ਰਿਪੋਰਟ ਮੰਗੀ ਹੈ। ਅਦਾਲਤ ਨੇ ਕਲ ਤਕ ਰਿਪੋਰਟ ਦਾਖ਼ਲ ਕਰਨ ਨੂੰ ਕਿਹਾ ਹੈ। ਇਸ ਮਾਮਲੇ ’ਤੇ 8 ਅਕਤੂਬਰ ਨੂੰ ਫਿਰ ਸੁਣਵਾਈ ਹੋਵੇਗੀ। 
ਚੀਫ਼ ਜਸਟਿਸ ਐਨ.ਵੀ.ਰਮਨ, ਜਸਟਿਸ ਸੂਰਿਯਕਾਂਤ ਅਤੇ ਜਸਟਿਸ ਹਿਮਾ ਕੋਹਲੀ ਦੇ ਤਿੰਨ ਮੈਂਬਰੀ ਬੈਂਚ ਨੇ ਇਹ ਕਹਿੰਦੇ ਹੋਏ ਇਸ ਮਾਮਲੇ ਦੀ ਸੁਣਵਾਈ ਕੀਤੀ ਕਿ, ‘‘ਸ਼ਿਕਾਇਤ ਇਹ ਹੈ ਕਿ ਤੁਸੀਂ ਇਸ ਘਟਨਾ ਨੂੰ ਠੀਕ ਢੰਗ ਨਾਲ ਨਹੀਂ ਦੇਖ ਰਹੇ ਹੋ ਅਤੇ ਐਫ਼ਆਈਆਰ ਠੀਕ ਤਰੀਕੇ ਨਾਲ ਦਰਜ ਨਹੀਂ ਕੀਤੀ ਗਈ ਹੈ।’’
ਯੂ. ਪੀ. ਸਰਕਾਰ ਵਲੋਂ ਪੇਸ਼ ਵਕੀਲ ਗਰਿਮਾ ਪ੍ਰਸ਼ਾਦ ਨੇ ਅੱਜ ਅਦਾਲਤ ਵਿਚ ਕਿਹਾ ਕਿ ਇਹ ਘਟਨਾ ਬਦਕਿਸਮਤੀ ਪੂਰਨ ਹੈ। ਐਫ਼. ਆਈ. ਆਰ. ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਹਾਈ ਕੋਰਟ ਦੇ ਰਿਟਾਇਰਡ ਜੱਜ ਦੀ ਅਗਵਾਈ ਵਿਚ ਜਾਂਚ ਟੀਮ ਬਣਾ ਦਿਤੀ ਹੈ। ਇਸ ’ਤੇ ਚੀਫ਼ ਜਸਟਿਸ ਨੇ ਕਿਹਾ ਕਿ ਹਾਈ ਕੋਰਟ ਵਿਚ ਇਸ ਮਾਮਲੇ ਨੂੰ ਲੈ ਕੇ ਕਿੰਨੀਆਂ ਪਟੀਸ਼ਨਾਂ ਦਾਖ਼ਲ ਹੋਈਆਂ, ਉਨ੍ਹਾਂ ਦੀ ਤਫਸੀਲ ਅਤੇ ਰੀਪੋਰਟ ਦਾਖ਼ਲ ਕਰੋ। ਇਸ ਤੋਂ ਇਲਾਵਾ ਚੀਫ਼ ਜਸਟਿਸ ਨੇ ਕਿਹਾ ਕਿ ਕਿੰਨੀਆਂ ਐਫ਼. ਆਈ. ਆਰ. ਹੋਈਆਂ, ਕਿੰਨੇ ਗਿ੍ਰਫ਼ਤਾਰ ਹੋਏ ਅਤੇ ਕਿੰਨੇ ਮੁਲਜ਼ਮ ਹਨ ਸੱਭ ਕੁੱਝ ਦੱਸੋ। 
ਜ਼ਿਕਰਯੋਗ ਹੈ ਕਿ ਲਖੀਮਪੁਰ ਖੇੜੀ ’ਚ ਐਤਵਾਰ 3 ਅਕਤੂਬਰ ਨੂੰ ਹੋਈ ਹਿੰਸਾ ’ਚ 4 ਕਿਸਾਨਾਂ ਤੇ ਇਕ ਪੱਤਰਕਾਰ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਵੱਡੀ ਗਿਣਤੀ ’ਚ ਕਿਸਾਨ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਇਲਾਕੇ ਵਿਚ ਕੇਂਦਰੀ ਮੰਤਰੀਆਂ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸਨ। ਕਿਸਾਨਾਂ ਨੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਖ਼ਿਲਾਫ਼ ਲਖੀਮਪੁਰ ਦੇ ਤਿਕੁਨੀਆ ਵਿਚ ਹਿੰਸਾ ਨੂੰ ਲੈ ਕੇ ਕੇਸ ਦਰਜ ਕਰਵਾਇਆ ਹੈ। (ਏਜੰਸੀ)