ਜੇਕਰ ਜਾਂਚ ਨਿਰਪੱਖ ਕਰਾਉਣੀ ਹੈ ਤਾਂ ਗ੍ਰਹਿ ਰਾਜ ਮੰਤਰੀ ਦੇਣ ਅਸਤੀਫ਼ਾ : ਪ੍ਰਿਯੰਕਾ

ਏਜੰਸੀ

ਖ਼ਬਰਾਂ, ਪੰਜਾਬ

ਜੇਕਰ ਜਾਂਚ ਨਿਰਪੱਖ ਕਰਾਉਣੀ ਹੈ ਤਾਂ ਗ੍ਰਹਿ ਰਾਜ ਮੰਤਰੀ ਦੇਣ ਅਸਤੀਫ਼ਾ : ਪ੍ਰਿਯੰਕਾ

image

ਲਖਨਊ, 7 ਅਕਤੂਬਰ : ਲਖੀਮਪੁਰ ਖੇੜੀ ਮਾਮਲੇ ਦੀ ਜਾਂਚ ਸੇਵਾ ਮੁਕਤ ਜੱਜ ਤੋਂ ਨਹੀਂ ਬਲਕਿ ਮੌਜੂਦਾ ਜੱਜ ਤੋਂ ਕਰਾਉਣ ਦੀ ਮੰਗ ਕਰਦੇ ਹੋਏ ਕਾਂਗਰਸ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਰ ਨੂੰ ਕਿਹਾ ਕਿ ਜੇਕਰ ਜਾਂਚ ਨਿਰਪੱਖ ਕਰਾਉਣੀ ਹੈ ਤਾਂ ਗ੍ਰਹਿ ਰਾਜ ਮੰਤਰੀ ਨੂੰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। 
ਮ੍ਰਿਤਕ ਕਿਸਾਨਾਂ ਦੇ ਪ੍ਰਵਾਰਾਂ ਨਾਲ ਮਿਲਣ ਲਈ ਬਹਿਰਾਈਚ ਜਾਣ ਤੋਂ ਪਹਿਲਾਂ ਪ੍ਰਯੰਕਾ ਗਾਂਧੀ ਨੇ ਇਥੇ ਪੱਤਰਕਾਰਾਂ ਨੂੰ ਕਿਹਾ, ‘‘ਮੇਰੇ ਨਜ਼ਰੀਏ ’ਚ ਹੀ ਨਹੀਂ ਬਲਕਿ ਪ੍ਰਵਾਰਾਂ ਦੇ ਨਜ਼ਰੀਏ ਤੋਂ ਵੀ ਇਸ ਮਾਮਲੇ ਦੀ ਜਾਂਚ ਸੇਵਾ ਮੁਕਤ ਜੱਜ ਤੋਂ ਨਹੀਂ ਬਲਕਿ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣੀ ਚਾਹੀਦੀ ਹੈ। ਮੈਂ ਜਾਂਚ ’ਚ ਟਿਪਣੀ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਹ ਹਾਲੇ ਸ਼ੁਰੂ ਹੀ ਨਹੀਂ ਹੋਈ ਹੈ ਪਰ ਮੈਂ ਇੰਨਾ ਕਹਿ ਸਕਦੀ ਹਾਂ ਕਿ ਜੇਕਰ ਜਾਂਚ ਨਿਰਪੱਪ ਕਰਾਉਣ ਹੈ ਤਾਂ ਉਸ ਮੰਤਰੀ ਨੂੰ ਅਸਤੀਫ਼ਾ ਦੇਣਾ ਪਏਗਾ ਕਿਉਂਕਿ ਉਹ ਗ੍ਰਹਿ ਰਾਜ ਮੰਤਰੀ ਹੈ ਅਤੇ ਇਹ ਸੱਭ ਕੁੱਝ ਉਸ ਦੇ ਹੀ ਅਧੀਨ ਆਉਂਦਾ ਹੈ।’’ 
ਪ੍ਰਿਯੰਕਾਂ ਨੇ ਕਿਹਾ, ‘‘ਕਲ ਰਾਤ ਮੈਂ ਲਖੀਮਪੁਰ ਖੇੜੀ ਗਈ, ਤਿੰਨ ਪ੍ਰਵਾਰਾਂ ਨੇ ਇਕ ਹੀ ਗੱਲ ਕਹੀ ਕਿ ਸਾਨੂੰ ਮੁਆਵਜ਼ੇ ਤੋਂ ਕੋਈ ਮਤਲਬ ਨਹੀਂ ਹੈ, ਸਾਨੂੰ ਇਨਸਾਫ਼ ਚਾਹੀਦਾ, ਮੰਤਰੀ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ। ਜਿਸ ਨੇ ਇਹ ਕੀਤਾ ਹੈ ਉਸ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੀੜਤਾਂ ਨੂੰ ਜੋ ਪੋਸਟਮਾਰਟ ਰਿਪੋਰਟ ਮਿਲੀ ਹੈ ਉਸ ਵਿਚ ਕੁੱਝ ਵੀ ਪੜਿ੍ਹਆ ਨਹੀਂ ਜਾ ਰਿਹਾ ਹੈ। ਪ੍ਰਿਯੰਕਾ ਨੇ ਕਿਹਾ ਕਿ ਪ੍ਰਵਾਰਾਂ ਨੂੰ ਫੋਟੋਕਾਪੀ ਦੀ ਵੀ ਫੋਟੋਕਾਪੀ ਦਿਤੀ ਗਈ ਹੈ। ਉਨ੍ਹਾਂ ਕਿਹਾ, ‘‘ਲੋਕਤੰਤਰ ਹੈ, ਇਥੇ ਇਨਸਾਫ਼ ਤੁਹਾਡਾ ਅਧਿਕਾਰ ਹੈ ਅਤੇ ਇਸ ਦੇ ਲਈ ਮੈਂ ਲੜਾਂਗੀ ਜਦੋਂ ਤਕ ਮੰਤਰੀ ਬਰਖ਼ਾਸਤ ਨਹੀਂ ਹੋ ਜਾਂਦਾ, ਜਦੋਂ ਮੰਤਰੀ ਦਾ ਬੇਟਾ ਗ੍ਰਿਫ਼ਤਾਰ ਨਹੀਂ ਹੋ ਜਾਂਦਾ ਉਦੋਂ ਤਕ ਮੈਂ ਬਿਲਕੁਲ ਡਟੀ ਰਹਾਂਗੀ ਕਿਉਂਕਿ ਮੈਂ ਉਨ੍ਹਾਂ ਪ੍ਰਵਾਰਾਂ ਨੂੰ ਵਾਅਦਾ ਕੀਤਾ ਹੈ।’’ (ਏਜੰਸੀ)