ਸ੍ਰੀਨਗਰ ਦੇ ਸਕੂਲ 'ਚ ਸਿੱਖ ਪਿ੍ੰਸੀਪਲ ਅਤੇ ਅਧਿਆਪਕ ਨੂੰ  ਮਾਰੀ ਗੋਲੀ

ਏਜੰਸੀ

ਖ਼ਬਰਾਂ, ਪੰਜਾਬ

ਸ੍ਰੀਨਗਰ ਦੇ ਸਕੂਲ 'ਚ ਸਿੱਖ ਪਿ੍ੰਸੀਪਲ ਅਤੇ ਅਧਿਆਪਕ ਨੂੰ  ਮਾਰੀ ਗੋਲੀ

image

ਪੰਜ ਦਿਨਾਂ 'ਚ ਸਤਵੀਂ ਵਾਰ ਹੋਇਆ ਆਮ ਨਾਗਰਿਕਾਂ 'ਤੇ ਹਮਲਾ

ਸ਼੍ਰੀਨਗਰ, 7 ਅਕਤੂਬਰ : ਜੰਮੂ-ਕਸ਼ਮੀਰ ਵਿਚ ਇਕ ਵਾਰ ਫਿਰ ਅਤਿਵਾਦੀਆਂ ਦੀ ਘਿਨੌਣੀ ਹਰਕਤ ਸਾਹਮਣੇ ਆਈ ਹੈ | ਅਤਿਵਾਦੀਆਂ ਨੇ ਇਕ ਸਕੂਲ ਨੂੰ  ਨਿਸ਼ਾਨਾ ਬਣਾਇਆ, ਜਿਥੇ ਸਕੂਲ ਦੇ ਪਿ੍ੰਸੀਪਲ ਅਤੇ ਅਧਿਆਪਕ ਨੂੰ  ਗੋਲੀ ਮਾਰ ਕੇ ਕਤਲ ਕਰ ਦਿਤਾ | ਦੋਹਾਂ ਨੂੰ  ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਮੌਤ ਹੋ ਗਈ | ਪੁਲਿਸ ਨੇ ਇਹ ਜਾਣਕਾਰੀ ਦਿਤੀ | 
ਜਾਣਕਾਰੀ ਮੁਤਾਬਕ ਇਹ ਘਟਨਾ ਸ਼੍ਰੀਨਗਰ ਦੇ ਈਦਗਾਹ ਸੰਗਮ ਇਲਾਕੇ ਦੇ ਇਕ ਸਰਕਾਰੀ ਸਕੂਲ 'ਚ ਵਾਪਰੀ, ਜਿਥੇ ਅਤਿਵਾਦੀਆਂ ਵਲੋਂ ਇਸ ਵਾਰਦਾਤ ਨੂੰ  ਅੰਜ਼ਾਮ ਦਿਤਾ ਗਿਆ | ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਕਰੀਬ ਸਵਾ 11 ਵਜੇ ਅਤਿਵਾਦੀਆਂ ਨੇ ਈਦਗਾਹ ਦੇ ਸੰਗਮ ਇਲਾਕੇ ਵਿਚ ਬਣੇ ਗਵਰਨਮੈਂਟ ਬੁਆਏਜ਼ ਸਕੂਲ ਵਿਚ ਗੋਲੀਬਾਰੀ ਕੀਤੀ | ਇਸ ਵਿਚ ਸਕੂਲ ਦੀ ਪਿ੍ੰਸੀਪਲ ਸੁਪਿੰਦਰ ਕੌਰ ਅਤੇ ਅਧਿਆਪਕ ਦੀਪਕ ਚੰਦ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ | ਦੋਹਾਂ ਨੂੰ  ਤੁਰਤ ਹਸਪਤਾਲ ਲਿਜਾਇਆ ਗਿਆ ਪਰ ਦੋਹਾਂ ਦੀ ਮੌਤ ਹੋ ਗਈ | ਸੁਪਿੰਦਰ ਕੌਰ ਸਿੱਖ ਭਾਈਚਾਰੇ ਤੋਂ ਅਤੇ ਦੀਪਕ ਚੰਦ ਕਸ਼ਮੀਰੀ ਪੰਡਤ ਸੀ | ਵਾਦੀ ਵਿਚ ਪਿਛਲੇ 5 ਦਿਨਾਂ ਵਿਚ ਨਾਗਰਿਕਾਂ ਦੀ ਹਤਿਆ ਦੀ ਇਹ 7 ਵੀਂ ਘਟਨਾ ਹੈ, ਜਿਨ੍ਹਾਂ ਵਿਚੋਂ 6 ਸਿਰਫ਼ ਸ਼੍ਰੀਨਗਰ ਦੇ ਹਨ | 
ਇਨ੍ਹਾਂ ਵਿਚੋਂ ਘੱਟ ਗਿਣਤੀ ਭਾਈਚਾਰੇ ਤੋਂ ਸਨ | ਇਸ ਦਰਮਿਆਨ ਸੁਰੱਖਿਆ ਫੋਰਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਸਰਚ ਮੁਹਿੰਮ ਸ਼ੁਰੂ ਕਰ ਦਿਤੀ ਹੈ |
ਦਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿਚ ਅਤਿਵਾਦੀ ਅਪਣਾ ਆਤੰਕ ਵਿਖਾਉਣ ਲਈ ਹੁਣ ਆਮ ਲੋਕਾਂ ਨੂੰ  ਸ਼ਿਕਾਰ ਬਣਾ ਰਹੇ ਹਨ | ਪਿਛਲੇ ਕੁੱਝ ਦਿਨਾਂ ਤੋਂ ਅਤਿਵਾਦੀ ਕਈ ਆਮ ਨਾਗਰਿਕਾਂ ਦੇ ਕਤਲ ਕਰ ਚੁੱਕੇ ਹਨ |  ਇਕ ਦਿਨ ਪਹਿਲਾਂ ਘਾਟੀ 'ਚ ਕਸ਼ਮੀਰੀ ਪੰਡਤ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਸੀ |