ਸਰਕਾਰ ਬਾਦਲਾਂ ਵਲੋਂ ਕੀਤੇ ਮਹਿੰਗੇ ਬਿਜਲੀ ਸਮਝੌਤੇ ਰੱਦ ਕਿਉਂ ਨਹੀਂ ਕਰਦੀ? : ਚੀਮਾ

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰ ਬਾਦਲਾਂ ਵਲੋਂ ਕੀਤੇ ਮਹਿੰਗੇ ਬਿਜਲੀ ਸਮਝੌਤੇ ਰੱਦ ਕਿਉਂ ਨਹੀਂ ਕਰਦੀ? : ਚੀਮਾ

image

ਚੰਡੀਗੜ੍ਹ, 7 ਅਕਤੂਬਰ (ਨਰਿੰਦਰ ਸਿੰਘ ਝਾਮਪੁਰ): ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ. ਪੀ.ਸੀ.ਐਲ) ਵਲੋਂ ਚਾਰ ਬਿਜਲੀ ਉਤਪਾਦਕ ਪਲਾਂਟਾਂ ਨੂੰ  ਬਿਜਲੀ ਖ਼ਰੀਦ ਸਮਝੌਤੇ (ਪੀ.ਪੀ.ਏ) ਰੱਦ ਕਰਨ ਲਈ ਭੇਜੇ ਗਏ ਨੋਟਿਸ 'ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬੇ ਦੀ ਕਾਂਗਰਸ ਸਰਕਾਰ ਤੋਂ ਤਿੰਨ ਪ੍ਰਮੁੱਖ ਨਿਜੀ ਕੰਪਨੀਆਂ ਨਾਲ ਬਾਦਲਾਂ ਵਲੋਂ ਕੀਤੇ ਗਏ ਗ਼ਲਤ ਬਿਜਲੀ ਸਮਝੌਤਿਆਂ 'ਤੇ ਅਪਣਾ ਰੁਖ਼ ਸਪੱਸ਼ਟ ਕਰਨ ਲਈ ਕਿਹਾ ਹੈ | ਚੀਮਾ ਨੇ ਕਿਹਾ ਬਾਦਲ ਸਰਕਾਰ ਦੇ ਸਮੇਂ ਕੀਤੇ ਗਏ ਪੀ.ਪੀ.ਏ ਰੱਦ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਇਨ੍ਹਾਂ ਕਾਰਨ ਪੰਜਾਬ ਬਿਜਲੀ ਸੰਕਟ ਅਤੇ ਆਰਥਕ ਸੰਕਟ ਤੋਂ ਬਾਹਰ ਨਹੀਂ ਨਿਕਲ ਰਿਹਾ ਹੈ | ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਨੇ ਬਿਜਲੀ ਸਮਝੌਤੇ ਰੱਦ ਕਰਨ ਦੇ ਮੁੱਦੇ 'ਤੇ ਲੋਕਾਂ ਨੂੰ  ਗੁਮਰਾਹ ਕਰਨ ਲਈ ਨਵੇਂ ਹੱਥ ਕੰਡੇ ਅਖ਼ਤਿਆਰ ਕੀਤੇ ਹਨ | ਜੇ ਸਰਕਾਰ ਦੁਰਗਾਪੁਰ, ਰਘੂਨਾਥਪੁਰ, ਬੋਕਾਰੋ ਅਤੇ ਮੇਜਾ ਊਰਜਾ ਬਿਜਲੀ ਪਲਾਂਟ ਨਾਲ ਬਿਜਲੀ ਸਮਝੌਤੇ ਰੱਦ ਕਰ ਸਕਦੀ ਹੈ, ਤਾਂ ਬਾਦਲਾਂ ਵਲੋਂ ਕੀਤੇ ਖ਼ਾਮੀਆਂ ਭਰਪੂਰ ਅਤੇ ਮਹਿੰਗੇ ਬਿਜਲੀ ਸਮਝੌਤੇ ਰੱਦ ਕਿਉਂ ਨਹੀਂ ਕਰ ਸਕਦੀ? ਚੀਮਾ ਨੇ ਕਿਹਾ ਨਿਜੀ ਬਿਜਲੀ ਪਲਾਂਟਾਂ ਤੋਂ ਬਿਜਲੀ ਖ਼ਰੀਦੇ ਬਿਨਾਂ ਹਰ ਸਾਲ ਕਰੋੜਾਂ ਰੁਪਏ ਅਦਾ ਕੀਤੇ ਜਾ ਰਹੇ ਹਨ |