ਵੱਕਾਰੀ ਅੰਤਰ-ਰਾਸ਼ਟਰੀ ਪੰਜਾਬੀ ਸਾਹਿਤ ਇਨਾਮ 'ਢਾਹਾਂ ਪ੍ਰਾਈਜ਼' ਲਈ 3 ਸ਼ਖ਼ਸੀਅਤਾਂ ਦੀ ਹੋਈ ਚੋਣ

ਏਜੰਸੀ

ਖ਼ਬਰਾਂ, ਪੰਜਾਬ

ਜਾਵੇਦ ਬੂਟਾ ਲਾਹੌਰ, ਅਰਵਿੰਦਰ ਕੌਰ ਧਾਲੀਵਾਲ ਅਤੇ ਬਲਵਿੰਦਰ ਸਿੰਘ ਗਰੇਵਾਲ ਨੂੰ ਕੀਤਾ ਜਾਵੇਗਾ ਸਨਮਾਨਿਤ 

3 personalities have been selected for the prestigious international Punjabi literature award 'Dhahan Prize'

ਮੁਹਾਲੀ : ਮਾਂ ਬੋਲੀ ਪੰਜਾਬੀ ਦੇ ਵੱਕਾਰੀ ਅੰਤਰ-ਰਾਸ਼ਟਰੀ ਪੰਜਾਬੀ ਸਾਹਿਤ ਇਨਾਮ 'ਢਾਹਾਂ ਪ੍ਰਾਈਜ਼' ਲਈ ਸਾਲ 2022 ਦੇ ਫਾਈਨਲਿਸਟਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਲਈ ਚੁਣੀਆਂ ਗਈਆਂ ਸ਼ਖ਼ਸੀਅਤਾਂ ਵਿਚ ਜਾਵੇਦ ਬੂਟਾ ਲਾਹੌਰ, ਅਰਵਿੰਦਰ ਕੌਰ ਧਾਲੀਵਾਲ ਅਤੇ ਬਲਵਿੰਦਰ ਸਿੰਘ ਗਰੇਵਾਲ ਸ਼ਾਮਲ ਹਨ। ਮੁੱਖ ਪ੍ਰਬੰਧਕ ਬਰਜਿੰਦਰ ਸਿੰਘ ਢਾਹਾਂ ਨੇ ਦੱਸਿਆ ਹੈ ਕਿ ਸਾਲ 2022 ਦੇ ਇਨਾਮਾਂ ਲਈ ਜਾਵੇਦ ਬੂਟਾ ਲਾਹੌਰ ਜੋ ਪਾਕਿਸਤਾਨ ਦੇ ਜੰਮਪਲ ਹੈ ਅਤੇ ਹੁਣ ਅਮਰੀਕਾ ਵਿੱਚ ਰਹਿੰਦੇ ਹਨ ਉਨ੍ਹਾਂ ਦਾ ਸ਼ਾਹਮੁਖੀ ਲਿਪੀ ਵਿਚ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ''ਚੌਲਾਂ ਦੀ ਬੁਰਕੀ'' ਨੂੰ ਇਨਾਮ ਦਿੱਤਾ ਜਾ ਰਿਹਾ ਹੈ।

 ਕਹਾਣੀਕਾਰ ਅਰਵਿੰਦਰ ਕੌਰ ਧਾਲੀਵਾਲ ਜੋ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਉਨ੍ਹਾਂ ਦਾ ਗੁਰਮੁਖੀ ਲਿਪੀ ਵਿਚ ਪ੍ਰਕਾਸ਼ਿਤ ਹੋਇਆ ਕਹਾਣੀ ਸੰਗ੍ਰਹਿ ''ਝਾਂਜਰਾਂ ਵਾਲੇ ਪੈਰ'' ਨੂੰ ਢਾਹਾਂ ਇਨਾਮ ਦਿੱਤਾ ਜਾਵੇਗਾ। ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਜੋ ਲੁਧਿਆਣਾ ਦੇ ਖੰਨਾ ਦਾ ਵਸਨੀਕ ਹੈ, ਉਸ ਦਾ ਗੁਰਮੁਖੀ ਲਿਪੀ ਵਿਚ ਪ੍ਰਕਾਸ਼ਿਤ ਹੋਇਆ ਕਹਾਣੀ ਸੰਗ੍ਰਹਿ ''ਡਬੋਲੀਆ'' ਨੂੰ ਇਨਾਮ ਲਈ ਚੁਣਿਆ ਗਿਆ ਹੈ।

ਦੱਸ ਦੇਈਏ ਕਿ ਇਹ ਇਨਾਮ ਹਰ ਸਾਲ ਦਿੱਤਾ ਜਾਂਦਾ ਹੈ। ਜਾਣਕਾਰੀ ਅਨੁਸਾਰ ਇੱਕ ਜੇਤੂ ਕਿਤਾਬ ਅਤੇ 2 ਫਾਈਨਲਿਸਟ ਕਿਤਾਬਾਂ ਦਾ ਐਲਾਨ 17 ਨਵੰਬਰ ਨੂੰ ਸਰੀ ਕੈਨੇਡਾ ਵਿਖੇ ਢਾਹਾਂ ਇਨਾਮ ਦੇ ਸਨਮਾਨ ਸਮਾਗਮ ਵਿੱਚ ਹੀ ਕੀਤਾ ਜਾਵੇਗਾ। ਇਸ ਮੌਕੇ ਇਨ੍ਹਾਂ ਕਹਾਣੀਕਾਰਾਂ ਨੂੰ ਢਾਹਾਂ ਇਨਾਮ ਦਾ ਯਾਦਗਾਰੀ ਚਿੰਨ੍ਹ (ਟਰਾਫੀ) ਅਤੇ ਸਨਮਾਨ ਰਾਸ਼ੀ ਸਤਿਕਾਰ ਸਹਿਤ ਭੇਟ ਕੀਤੇ ਜਾਣਗੇ।