ਲੁਧਿਆਣਾ ਦੀ ਮੈਟਲ ਫੈਕਟਰੀ 'ਚ ਧਮਾਕਾ: ਛੱਤ ਡਿੱਗਣ ਕਾਰਨ 5 ਮਜ਼ਦੂਰ ਜ਼ਖਮੀ
ਬੁਆਇਲਰ 'ਚ ਕੈਮੀਕਲ ਮਿਲਾਉਣ ਸਮੇਂ ਹੋਇਆ ਧਮਾਕਾ
ਲੁਧਿਆਣਾ: ਜ਼ਿਲ੍ਹੇ ਦੇ ਪਿੰਡ ਦੇ ਡੇਹਲੋਂ 'ਚ ਸ਼ਨੀਵਾਰ ਸਵੇਰੇ ਇਕ ਮੈਟਲ ਫੈਕਟਰੀ 'ਚ ਧਮਾਕਾ ਹੋ ਗਿਆ। ਧਮਾਕੇ ਕਾਰਨ ਫੈਕਟਰੀ ਦੀ ਛੱਤ ਡਿੱਗ ਗਈ, ਜਿਸ ਦੇ ਹੇਠਾਂ ਦਬ ਕੇ 5 ਮਜ਼ਦੂਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ। ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਜ਼ਖਮੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਅਤੇ ਐਂਬੂਲੈਂਸ ਨੂੰ ਹਾਦਸੇ ਦੀ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਐਂਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਨਿੱਜੀ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਇਸ ਦੇ ਨਾਲ ਹੀ ਜਿਸ ਫੈਕਟਰੀ 'ਚ ਧਮਾਕਾ ਹੋਇਆ ਸੀ, ਉਸ 'ਚ ਲੱਗੀ ਅੱਗ ਨੂੰ ਬੁਝਾਇਆ ਗਿਆ। ਜ਼ਖ਼ਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਡੀਐਮਸੀ ਅਤੇ ਅਹਿਮਦਗੜ੍ਹ ਮੰਡੀ ਹਸਪਤਾਲ ਭੇਜਿਆ ਗਿਆ ਹੈ। ਇਹ ਘਟਨਾ ਅਥਰਵ ਮੈਟਲ ਫੈਕਟਰੀ ਵਿਚ ਵਾਪਰੀ।
ਦੱਸਿਆ ਜਾ ਰਿਹਾ ਹੈ ਕਿ ਧਮਾਕੇ ਕਾਰਨ ਫੈਕਟਰੀ ਦੀ ਛੱਤ ਡਿੱਗ ਗਈ। ਛੱਤ ਡਿੱਗਣ ਕਾਰਨ ਬਹੁਤ ਸਾਰਾ ਮਲਬਾ ਮੁਲਾਜ਼ਮਾਂ ’ਤੇ ਡਿੱਗ ਪਿਆ ਹੈ। ਧਮਾਕੇ ਕਾਰਨ ਫੈਕਟਰੀ ਦੇ ਸ਼ੀਸ਼ੇ ਵੀ ਟੁੱਟ ਗਏ। ਮੌਕੇ 'ਤੇ ਮੌਜੂਦ ਦੀਪਕ ਸਿੰਘ ਨੇ ਦੱਸਿਆ ਕਿ ਬੁਆਇਲਰ 'ਚ ਕੈਮੀਕਲ ਦੀ ਮਿਲਾਵਟ ਦੌਰਾਨ ਧਮਾਕਾ ਹੋਇਆ।