ਨਵ-ਵਿਆਹੁਤਾ ਨੂੰ ਹਥਿਆਰਬੰਦ ਵਿਅਕਤੀਆਂ ਨੇ ਕੀਤਾ ਅਗਵਾ, ਜਾਨੋਂ ਮਾਰਨ ਦੀ ਨੀਅਤ ਨਾਲ ਮਾਂ ’ਤੇ ਚਲਾਈਆਂ ਗੋਲੀਆਂ !

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ

Newlyweds abducted by armed men

 

ਤਰਨਤਾਰਨ- ਪਿੰਡ ਰਸੂਲਪੁਰ ਨਹਿਰਾਂ ਦੇ ਨਜ਼ਦੀਕ ਵਿਆਹ ਤੋਂ ਬਾਅਦ ਨਵ-ਵਿਆਹੁਤਾ ਨੂੰ ਹਥਿਆਰਬੰਦ ਵਿਅਕਤੀਆਂ ਵਲੋਂ ਅਗਵਾ ਕਰ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹੁਤਾ ਕੁੜੀ ਦੀ ਮਾਂ ’ਤੇ ਜਾਨੋਂ ਮਾਰਨ ਦੀ ਨੀਯਤ ਨਾਲ ਗੋਲੀਆਂ ਚਲਾਈਆਂ ਗਈਆਂ। ਪੁਲਿਸ ਨੂੰ ਦਰਜ ਕਰਵਾਏ ਬਿਆਨ ’ਚ ਅਮਰਜੀਤ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਪਿੰਡ ਸੰਘਾ ਨੇ ਦੱਸਿਆ ਕਿ 6 ਅਕਤੂਬਰ ਨੂੰ ਉਸ ਦੀ ਕੁੜੀ ਜਸ਼ਨਪ੍ਰੀਤ ਕੌਰ ਦਾ ਵਿਆਹ ਕਰਨਬੀਰ ਸਿੰਘ ਵਾਸੀ ਪਿੰਡ ਗੁਲਾਲੀਪੁਰ ਨਾਲ ਹੋਇਆ ਸੀ।

ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੀ ਕੁੜੀ ਅਤੇ ਜਵਾਈ ਰਸੂਲਪੁਰ ਨਹਿਰਾਂ ਤੋਂ ਥੋੜਾ ਅੱਗੇ ਫੋਟੋਗ੍ਰਾਫੀ ਰੁਕੇ ਸਨ। ਕਰੀਬ 5.30 ਵਜੇ ਸ਼ਾਮ ਰੋਹਿਤ, ਵਿੱਕੀ ਪੁੱਤਰਾਨ ਸਾਹਿਬ ਸਿੰਘ, ਗੋਲਡੀ, ਅਰਸ਼ ਪੁੱਤਰਾਨ ਫੱਤਾ ਸਿੰਘ, ਸਾਹਿਬ ਸਿੰਘ ਪੁੱਤਰ ਨੱਥਾ ਸੰਘ ਵਾਸੀਆਨ ਨਬੀਪੁਰ, ਪਲਵਿੰਦਰ ਸਿੰਘ ਉਰਫ ਪਿੰਦਾ ਪੁੱਤਰ ਚਰਨ ਸਿੰਘ ਵਾਸੀ ਅਲੀਪੁਰ, ਹੀਰਾ ਸਿੰਘ ਵਾਸੀ ਚੱਬਾ ਅਤੇ 4-5 ਅਣਪਛਾਤੇ ਵਿਅਕਤੀ ਅਤੇ ਜਨਾਨੀਆਂ 2 ਇਨੋਵਾ ਕਾਰਾਂ ਅਤੇ ਮੋਟਰ ਸਾਈਕਲਾਂ ’ਤੇ ਸਵਾਰ ਹੋ ਕੇ ਉਕਤ ਸਥਾਨ ’ਤੇ ਆ ਗਏ।

ਉਕਤ ਲੋਕਾਂ ਨੇ ਆਉਂਦੇ ਸਾਰ ਉਨ੍ਹਾਂ ਦੀ ਕੁੜੀ ਨੂੰ ਗੱਡੀ ’ਚ ਬਿਠਾ ਲਿਆ ਤੇ ਫਰਾਰ ਹੋ ਗਏ। ਇਸ ਦੌਰਾਨ ਰੋਹਿਤ ਨੇ ਆਪਣੀ ਪਿਸਤੌਲ ਨਾਲ ਜਾਨੋਂ ਮਾਰਨ ਦੀ ਨੀਯਤ ਨਾਲ ਉਸ ’ਤੇ ਫਾਇਰ ਵੀ ਕੀਤਾ। ਇਸ ਘਟਨਾ ਦੇ ਸਬੰਧ ’ਚ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।