ਬਠਿੰਡਾ ਦੇ ਦੋ ਪਿੰਡਾਂ ਵਿਚ ਪੁਲਿਸ ਦੀ ਛਾਪੇਮਾਰੀ, 'ਚਿੱਟਾ ਇੱਧਰ ਵਿਕਦਾ ਹੈ' ਦੇ ਨੋਟਿਸ 'ਤੇ ਕਾਰਵਾਈ ਤੇਜ਼ 

ਏਜੰਸੀ

ਖ਼ਬਰਾਂ, ਪੰਜਾਬ

ਬਠਿੰਡਾ ਪੁਲਿਸ ਹੁਣ ਦੋਵਾਂ ਪਿੰਡਾਂ ਵਿਚ ਛਾਪੇਮਾਰੀ ਕਰਕੇ ਨਸ਼ਾ ਤਸਕਰਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। 

File Photo

 

ਬਠਿੰਡਾ - ਇੱਧਰ ਚਿੱਟਾ ਮਿਲਦਾ ਹੈ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਮੌੜ ਮੰਡੀ ਦੇ ਪਿੰਡ ਭਾਈ ਬਖਤੌਰ ਅਤੇ ਪਿੰਡ ਜੋਧਪੁਰਾ ਰਮਨਾ ਵਿਚ ਅਜਿਹੇ ਬੋਰਡ ਲਗਾ ਕੇ ਇੱਕ ਨੌਜਵਾਨ ਨਸ਼ਾ ਤਸਕਰਾਂ 'ਤੇ ਗੁੱਸਾ ਕੱਢ ਰਿਹਾ ਹੈ। ਨੌਜਵਾਨਾਂ ਨੇ ਸ਼ਰੇਆਮ ਚਿੱਟਾ ਵੇਚਣ ਵਿਰੁੱਧ ਮੁਹਿੰਮ ਛੇੜ ਕੇ ਅਜਿਹੇ ਬੋਰਡ ਲਾਏ ਹਨ। ਬਠਿੰਡਾ ਪੁਲਿਸ ਹੁਣ ਦੋਵਾਂ ਪਿੰਡਾਂ ਵਿਚ ਛਾਪੇਮਾਰੀ ਕਰਕੇ ਨਸ਼ਾ ਤਸਕਰਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। 

ਐਸਐਸਪੀ ਦੇ ਹੁਕਮਾਂ ’ਤੇ ਡੀਐਸਪੀ ਮੌੜ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਪਿੰਡ ਭਾਈ ਬਖਤੌਰ ਅਤੇ ਜੋਧਪੁਰਾ ਰਮਨਾ ਵਿਚ ਘਰ-ਘਰ ਜਾ ਕੇ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਕਰੀਬ ਚਾਰ ਘੰਟੇ ਤੱਕ ਚੱਲੇ ਇਸ ਤਲਾਸ਼ੀ ਅਭਿਆਨ ਦੌਰਾਨ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਅਤੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਕਿੰਨਾ ਨਸ਼ਾ ਬਰਾਮਦ ਹੋਇਆ ਹੈ ਅਤੇ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਪਿੰਡ ਦੇ ਨੌਜਵਾਨ ਲਖਬੀਰ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਸ਼ਰੇਆਮ ਨਸ਼ੇ ਦੀ ਸਪਲਾਈ ਹੋ ਰਹੀ ਹੈ। 13 ਤੋਂ 15 ਸਾਲ ਦੇ ਬੱਚੇ ਚਿੱਟੇ ਖਾ ਰਹੇ ਹਨ। ਅਜਿਹੇ ਵਿਚ ਪਿੰਡ ਦੇ ਲੋਕਾਂ ਨੇ ਇਸ ਸਬੰਧੀ ਮੀਟਿੰਗ ਕਰਕੇ ਇੱਕ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ, ਤਾਂ ਜੋ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚੇ ਕਿ ਪੰਜਾਬ ਵਿਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਨਸ਼ੇ ਲਈ ਨੌਜਵਾਨ ਚੋਰੀ, ਡਕੈਤੀ ਵਰਗੇ ਅਪਰਾਧ ਵੀ ਕਰ ਰਹੇ ਹਨ।

ਲਖਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਪਿੰਡ ਵਿਚ ਦੁਕਾਨਾਂ ਵਿੱਚ ਕਰਿਆਨੇ ਅਤੇ ਦਵਾਈਆਂ ਵੇਚਣ ਦੀ ਬਜਾਏ ਚਿੱਟਾ ਵੇਚਿਆ ਜਾ ਰਿਹਾ ਹੈ। ਨਸ਼ੇ ਦੀ ਪੂਰਤੀ ਲਈ ਨੌਜਵਾਨ ਦਿਨ-ਦਿਹਾੜੇ ਦੁਕਾਨਾਂ ਅਤੇ ਘਰਾਂ ਵਿਚ ਵੜ ਕੇ ਚੋਰੀਆਂ ਕਰ ਰਹੇ ਹਨ। ਰਸਤੇ ਵਿੱਚ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ।

ਲਖਬੀਰ ਨੇ ਕਿਹਾ ਕਿ ਨਸ਼ਾ ਤਸਕਰ ਸ਼ਰੇਆਮ ਸਪਲਾਈ ਕਰਦੇ ਹਨ। ਇਸ ਦੇ ਨਾਲ ਹੀ ਵਿਰੋਧ ਕਰਨ ਵਾਲਿਆਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਵੇਲੇ ਜੋਧਪੁਰ, ਕੋਟਭਾਰਾ, ਮੌੜ ਮੰਡੀ ਵਿਚ ਚਿੱਟਾ ਖੁੱਲ੍ਹੇਆਮ ਮਿਲ ਰਿਹਾ ਹੈ। ਇਸ ਦੇ ਨਾਲ ਹੀ ਦੁਕਾਨਾਂ 'ਤੇ ਸਰਿੰਜਾਂ ਵੀ ਮਿਲਦੀਆਂ ਹਨ।