ਹਾਈ ਕੋਰਟ ਨੇ ਸ਼ਿਲਪਾ ਸ਼ੈੱਟੀ, ਰਾਜ ਕੁੰਦਰਾ ਦੀ ਪਟੀਸ਼ਨ ’ਤੇ ਵਿਚਾਰ ਤੋਂ ਪਹਿਲਾਂ ਧੋਖਾਧੜੀ ਦੀ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ
ਕਿਹਾ, 60 ਕਰੋੜ ਰੁਪਏ ਜਮ੍ਹਾ ਕਰਵਾਓ, ਫਿਰ ਵਿਦੇਸ਼ ਜਾਣ ਦੀ ਇਜਾਜ਼ਤ ਦੀ ਪਟੀਸ਼ਨ ਉਤੇ ਵਿਚਾਰ ਕਰਾਂਗੇ
ਮੁੰਬਈ: ਮੁੰਬਈ ਹਾਈ ਕੋਰਟ ਨੇ ਬੁਧਵਾਰ ਨੂੰ ਕਿਹਾ ਕਿ ਉਹ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਦੀ ਵਿਦੇਸ਼ ਯਾਤਰਾ ਦੀ ਪਟੀਸ਼ਨ ਉਤੇ ਉਦੋਂ ਹੀ ਵਿਚਾਰ ਕਰੇਗੀ ਜਦੋਂ ਉਹ ਧੋਖਾਧੜੀ ਦੇ ਮਾਮਲੇ ’ਚ ਸ਼ਾਮਲ 60 ਕਰੋੜ ਰੁਪਏ ਜਮ੍ਹਾ ਕਰਵਾਉਣ।
ਸ਼ੈੱਟੀ ਅਤੇ ਉਸ ਦੇ ਪਤੀ ਰਾਜ ਕੁੰਦਰਾ ਵਿਰੁਧ 14 ਅਗੱਸਤ ਨੂੰ ਮੁੰਬਈ ਦੇ ਜੁਹੂ ਥਾਣੇ ’ਚ ਕਾਰੋਬਾਰੀ ਦੀਪਕ ਕੋਠਾਰੀ (60) ਨਾਲ ਕਥਿਤ ਤੌਰ ਉਤੇ 60 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਜੋੜੇ ਨੇ ਪਿਛਲੇ ਮਹੀਨੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਇਸ ਮਾਮਲੇ ’ਚ ਪੁਲਿਸ ਵਲੋਂ ਉਨ੍ਹਾਂ ਵਿਰੁਧ ਜਾਰੀ ਕੀਤੇ ਲੁੱਕ ਆਊਟ ਸਰਕੂਲਰ (ਐਲ.ਓ.ਸੀ.) ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਸੀ, ਤਾਂ ਜੋ ਉਹ ਅਪਣੀਆਂ ਪੇਸ਼ੇਵਰ ਵਚਨਬੱਧਤਾਵਾਂ ਅਤੇ ਮਨੋਰੰਜਨ ਲਈ ਵਿਦੇਸ਼ ਯਾਤਰਾ ਕਰ ਸਕਣ।
ਕੋਠਾਰੀ ਨੇ ਜੋੜੇ ਦੇ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ 2015 ਤੋਂ 2023 ਦੇ ਵਿਚਕਾਰ, ਉਨ੍ਹਾਂ ਨੇ ਉਨ੍ਹਾਂ ਨੂੰ ਅਪਣੀ ਕੰਪਨੀ ਬੈਸਟ ਡੀਲ ਟੀ.ਵੀ. ਪ੍ਰਾਈਵੇਟ ਲਿਮਟਿਡ ਵਿਚ 60 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਸੀ, ਪਰ ਇਸ ਰਕਮ ਦੀ ਵਰਤੋਂ ਉਨ੍ਹਾਂ ਦੇ ਅਪਣੇ ਨਿੱਜੀ ਲਾਭ ਲਈ ਕੀਤੀ ਗਈ ਸੀ।
ਚੀਫ ਜਸਟਿਸ ਸ਼੍ਰੀ ਚੰਦਰਸ਼ੇਖਰ ਅਤੇ ਜਸਟਿਸ ਗੌਤਮ ਅੰਖੜ ਦੀ ਬੈਂਚ ਨੇ ਬੁਧਵਾਰ ਨੂੰ ਕਿਹਾ ਕਿ ਉਹ ਮਨੋਰੰਜਨ ਯਾਤਰਾ ਦੀ ਇਜਾਜ਼ਤ ਨਹੀਂ ਦੇ ਸਕਦੀ ਜਦੋਂ ਦੋਵੇਂ ਧੋਖਾਧੜੀ ਦੇ ਮਾਮਲੇ ਵਿਚ ਮੁਲਜ਼ਮ ਹਨ। ਹਾਈ ਕੋਰਟ ਨੇ ਫਿਰ ਕਿਹਾ ਕਿ ਉਹ 60 ਕਰੋੜ ਰੁਪਏ ਦੀ ਪੂਰੀ ਰਕਮ ਜਮ੍ਹਾ ਹੋਣ ਤੋਂ ਬਾਅਦ ਹੀ ਪਟੀਸ਼ਨ ਉਤੇ ਵਿਚਾਰ ਕਰੇਗੀ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 14 ਅਕਤੂਬਰ ਨੂੰ ਮੁਲਤਵੀ ਕਰਦਿਆਂ ਸ਼ੈੱਟੀ ਤੋਂ ਪੇਸ਼ੇਵਰ ਸਮਾਗਮਾਂ ਲਈ ਸੱਦੇ ਜਾਂ ਕਿਸੇ ਹੋਰ ਕਿਸਮ ਦੇ ਸੰਚਾਰ ਦੀ ਕਾਪੀ ਵੀ ਮੰਗੀ।