ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦਿਹਾਂਤ 'ਤੇ ਸਿਆਸੀ ਆਗੂਆਂ ਤੇ ਕਲਾਕਾਰਾਂ ਨੇ ਪ੍ਰਗਟਾਇਆ ਦੁੱਖ
ਭਲਕੇ ਕੀਤਾ ਜਾਵੇਗਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਸੰਸਕਾਰ
ਚੰਡੀਗੜ੍ਹ: ਪੰਜਾਬੀ ਗਾਇਕ ਰਾਜਵੀਰ ਜਵੰਦਾ (35) ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਬੁੱਧਵਾਰ (8 ਅਕਤੂਬਰ) ਸਵੇਰੇ 10:55 ਵਜੇ ਆਖ਼ਰੀ ਸਾਹ ਲਏ। ਉਹ 11 ਦਿਨਾਂ ਤੋਂ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਵਿੱਚ ਵੈਂਟੀਲੇਟਰ 'ਤੇ ਸਨ। ਫੋਰਟਿਸ ਹਸਪਤਾਲ ਨੇ ਦੁਪਹਿਰ 12:30 ਵਜੇ ਦੇ ਕਰੀਬ ਉਨ੍ਹਾਂ ਦੀ ਮੌਤ ਦਾ ਰਸਮੀ ਨੋਟਿਸ ਜਾਰੀ ਕੀਤਾ।
ਫੋਰਟਿਸ ਹਸਪਤਾਲ ਨੇ ਕਿਹਾ ਕਿ ਜਵੰਦਾ ਨੂੰ ਜਦੋਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤਾਂ ਉਸਦੀ ਰੀੜ੍ਹ ਦੀ ਹੱਡੀ ਅਤੇ ਦਿਮਾਗ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ। ਅੱਜ ਉਸ ਦਾ ਦਿਹਾਂਤ ਮਲਟੀ-ਆਰਗਨ ਫੇਲ੍ਹ ਹੋਣ ਕਾਰਨ ਹੋਇਆ। ਪੰਜਾਬੀ ਗਾਇਕ-ਅਦਾਕਾਰ ਐਮੀ ਵਿਰਕ ਨੇ ਕਿਹਾ, "ਜਵੰਦਾ ਦੀ ਦੇਹ ਨੂੰ ਪਹਿਲਾਂ ਮੋਹਾਲੀ ਦੇ ਸੈਕਟਰ 71 ਸਥਿਤ ਉਸਦੇ ਘਰ ਲਿਜਾਇਆ ਜਾਵੇਗਾ। ਫਿਰ, ਥੋੜ੍ਹੀ ਦੇਰ ਬਾਅਦ, ਇਸ ਨੂੰ ਲੁਧਿਆਣਾ ਦੇ ਜਗਰਾਉਂ ਵਿੱਚ ਉਸਦੇ ਜੱਦੀ ਪਿੰਡ ਪੌਣਾ ਲਿਜਾਇਆ ਜਾਵੇਗਾ। ਉਨ੍ਹਾਂ ਦਾ ਅੰਤਿਮ ਸਸਕਾਰ ਕੱਲ੍ਹ ਕੀਤਾ ਜਾਵੇਗਾ।"
ਜ਼ਿਕਰਯੋਗ ਹੈ ਕਿ ਜਵੰਦਾ 27 ਸਤੰਬਰ ਨੂੰ ਬੱਦੀ ਤੋਂ ਸ਼ਿਮਲਾ ਜਾਂਦੇ ਸਮੇਂ ਪਿੰਜੌਰ ਵਿੱਚ ਇਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਮੰਤਰੀ ਹਰਜੋਤ ਬੈਂਸ ਨੇ ਰਾਜਵੀਰ ਜਵੰਦਾ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਗੀਤ ਅਤੇ ਉਨ੍ਹਾਂ ਦੀ ਮਿੱਠੀ ਆਵਾਜ਼ ਹਮੇਸ਼ਾ ਸਾਡੇ ਦਿਲਾਂ ‘ਚ ਜ਼ਿੰਦਾ ਰਹੇਗੀ ਅਤੇ ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਤੇ ਚਾਹੁੰਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਰਾਜਵੀਰ ਜਵੰਦਾ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਬੇਹੱਦ ਦੁਖਦਾਈ ਹੈ। ਪਰਿਵਾਰ ਤੇ ਪ੍ਰਸ਼ੰਸਕਾਂ ਨਾਲ ਮੇਰੀ ਦਿਲੀ ਸੰਵੇਦਨਾ। ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖ਼ਸ਼ਣ।
ਮਨਕੀਰਤ ਔਲਖ ਨੇ ਰਾਜਵੀਰ ਜਵੰਦਾ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅੱਜ ਇੱਕ ਮਾਂ ਦਾ ਪੁੱਤ, ਇੱਕ ਭੈਣ ਦਾ ਵੀਰ, ਇੱਕ ਘਰਵਾਲੀ ਦਾ ਸੁਹਾਗ, ਬੱਚਿਆ ਦਾ ਬਾਪ ਤੇ ਯਾਰਾਂ ਦਾ ਯਾਰ ਸਭ ਨੂੰ ਅਲਵਿਦਾ ਆਖ ਗਿਆ'।
ਰਾਜਵੀਰ ਜਵੰਦਾ ਦਾ ਦੇਹਾਂਤ ਹੋਣਾ ਬੜਾ ਦੁੱਖਦਾਇਕ ਹੈ, ਪ੍ਰਮਾਤਮਾ ਵਿੱਛੜੀ ਰੂਹ ਨੂੰ ਚਰਨਾ ‘ਚ ਨਿਵਾਸ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ: ਮੰਤਰੀ ਰਵਨੀਤ ਬਿੱਟੂ
ਮੌਤ ਕੁਲਿਹਣੀ ਜਿੱਤ ਗਈ, ਜਵੰਦਾ ਹਾਰ ਗਿਆ, ਕਿਵੇਂ ਭੁਲਾਂਗੇ ਤੈਨੂੰ ਨਿੱਕੇ ਵੀਰ: ਗੁਰਪ੍ਰੀਤ ਘੁੱਗੀ
ਰਾਜਵੀਰ ਜਵੰਦਾ ਦੀ ਮੌਤ ਦੀ ਖ਼ਬਰ ਨਾਲ ਦਿਲ ਟੁੱਟ ਗਿਆ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਡੂੰਘੀ ਸੰਵੇਦਨਾ। ਹਮੇਸ਼ਾਂ ਦਿਲਾਂ ਵਿਚ ਜਿਉਂਦੇ ਰਹੋਗੇ: ਨੀਰੂ ਬਾਜਵਾ
ਆਪਣੇ ਗੀਤਾਂ ਤੇ ਆਵਾਜ਼ ਨਾਲ ਲੋਕ ਦਿਲਾਂ ‘ਤੇ ਰਾਜ ਕਰਨ ਵਾਲਾ ਰਾਜਵੀਰ ਜਵੰਦਾ ਅੱਜ ਜ਼ਿੰਦਗੀ ਦੀ ਜੰਗ ਹਾਰ ਗਿਆ। ਪੰਜਾਬੀ ਮਾਂ ਬੋਲੀ ਦੇ ਮਾਣਮੱਤੇ ਫ਼ਨਕਾਰ ਨੂੰ ਪਰਮਾਤਮਾ ਚਰਨਾਂ ‘ਚ ਥਾਂ ਦੇਣ ਤੇ ਪਰਿਵਾਰ ਸਮੇਤ ਚਾਹੁਣ ਵਾਲਿਆਂ ਨੂੰ ਇਹ ਅਸਹਿ ਭਾਣਾ ਮੰਨਣ ਦਾ ਹੌਂਸਲਾ ਹਿੰਮਤ ਬਖ਼ਸ਼ਣ : ਡਾ. ਗੁਰਪ੍ਰੀਤ ਕੌਰ ਮਾਨ
ਉਨ੍ਹਾਂ ਦੀ ਰੂਹਾਨੀ ਆਵਾਜ਼ ਅਤੇ ਜਨੂੰਨ ਨੇ ਕਈ ਜ਼ਿੰਦਗੀਆਂ ਨੂੰ ਛੂਹਿਆ, ਇਸ ਦੁੱਖ ਦੀ ਘੜੀ ਵਿੱਚ ਮੇਰੀਆਂ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਸੰਵੇਦਨਾ ਪ੍ਰਗਟ ਕਰਦਾ ਹਾਂ: ਕੈਪਟਨ ਅਮਰਿੰਦਰ ਸਿੰਘ
ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਬੇਵਕਤੀ ਮੌਤ ਬਾਰੇ ਸੁਣ ਕੇ ਦੁੱਖ ਹੋਇਆ। ਉਨ੍ਹਾਂ ਦੀ ਤੁਹਾਡੀ ਰੂਹਾਨੀ ਆਵਾਜ਼ ਅਤੇ ਜੀਵੰਤ ਆਤਮਾ ਸਾਡੇ ਦਿਲਾਂ ਵਿਚ ਹਮੇਸ਼ਾ ਲਈ ਗੂੰਜਦੀ ਰਹੇਗੀ। ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ: ਪ੍ਰਤਾਪ ਸਿੰਘ ਬਾਜਵਾ
ਰਾਜਵੀਰ ਜਵੰਦਾ ਹੁਣ ਸਾਡੇ ਵਿਚਕਾਰ ਨਹੀਂ ਰਿਹਾ! ਇਹ ਘਾਟਾ ਨਾ ਸਿਰਫ਼ ਸੰਗੀਤ ਮੰਚ ਲਈ, ਸਗੋਂ ਹਰ ਉਸ ਦਿਲ ਲਈ ਹੈ ਜਿਸ ਨੇ ਰਾਜਵੀਰ ਲਈ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਸੀ। ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ: ਮੰਤਰੀ ਡਾ. ਬਲਬੀਰ ਸਿੰਘ
ਇੱਕ ਪ੍ਰਤਿਭਾਸ਼ਾਲੀ, ਸੁੰਦਰ ਆਤਮਾ ਬਹੁਤ ਜਲਦੀ ਚਲੀ ਗਈ ਤੇ ਤੁਹਾਨੂੰ ਪੀੜ੍ਹੀਆਂ ਤੱਕ ਯਾਦ ਰੱਖਿਆ ਜਾਵੇਗਾ : ਸੋਨਮ ਬਾਜਵਾ
ਵਾਹਿਗਰੂ ਰਾਜਵੀਰ ਦੇ ਪ੍ਰਵਾਰ ਨੂੰ ਹਿੰਮਤ ਬਖ਼ਸ਼ੇ।ਰਾਜਵੀਰ ਬਹੁਤ ਚੰਗਾ ਕਲਾਕਾਰ ਤੇ ਇਨਸਾਨ ਸੀ ਤੇ ਤੁਸੀਂ ਆਪਣੇ ਸੰਗੀਤ ਰਾਹੀਂ ਸਦਾ ਲਈ ਜਿਉਂਦੇ ਰਹੋਗੇ: ਜੈਜ਼ੀ ਬੀ
ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਜੋ ਇਸ ਦੇ ਤੁਰ ਜਾਣ ਨਾਲ ਮਹਿਸੂਸ ਕਰ ਰਿਹਾ ਹਾਂ: ਪੰਜਾਬੀ ਗਾਇਕ ਗੁਰਦਾਸ ਮਾਨ
ਗਾਇਕ ਰਾਜਵੀਰ ਜਵੰਦਾ ਦੀ ਮੌਤ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ ਤੇ ਪੰਜਾਬੀ ਸੰਗੀਤ ਜਗਤ ਦਾ ਸਿਤਾਰਾ ਹਮੇਸ਼ਾ ਲਈ ਅਲੋਪ ਹੋ ਗਿਆ। ਉਨ੍ਹਾਂ ਦੀ ਆਵਾਜ਼ ਸਦਾ ਗੂੰਜਦੀ ਰਹੇਗੀ-CM ਭਗਵੰਤ ਮਾਨ
ਅਲਵਿਦਾ ਪੁੱਤਰ ਰਾਜਵੀਰ ਜਵੰਦਾ, ਤੇਰੀ ਯਾਦ ਹਰ ਦਿਲ ਵਿੱਚ ਸਦਾ ਜਿਉਂਦੀ ਰਹੇਗੀ, ਵਾਹਿਗੁਰੂ ਜੀ ਤੈਨੂੰ ਆਪਣੇ ਚਰਨਾਂ 'ਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ: ਅਦਾਕਾਰਾ ਨਿਰਮਲ ਰਿਸ਼ੀ
'ਮੇਰੇ ਭਰਾ ਰਾਜਵੀਰ ਜਵੰਦਾ ਦੇ ਆਖ਼ਰੀ ਦਿਨ ਬਹੁਤ ਔਖੇ ਸਨ ਪਰ ਜਵੰਦਾ ਨੇ ਤਾਕਤ ਦਿਖਾਈ ਹੈ। ਤੁਸੀਂ ਹਮੇਸ਼ਾ ਸਾਡੇ ਦਿਲਾਂ ਵਿੱਚ ਯਾਦ ਰਹੋਗੇ- ਗਿੱਪੀ ਗਰੇਵਾਲ
ਰਾਜਵੀਰ ਜਵੰਦਾ ਲਈ ਸਮੂਹ ਪੰਜਾਬ ਨੇ ਅਰਦਾਸਾਂ ਕੀਤੀਆਂ ਪਰ ਉਸ ਦੇ ਵਿਛੋੜੇ ਨਾਲ ਅੱਜ ਹਰ ਅੱਖ ਨਮ ਹੈ। ਸਰਕਾਰ ਨੂੰ ਸੜਕਾਂ ਉੱਤੇ ਆਵਾਰਾ ਪਸ਼ੂਆਂ ਦੀ ਰੋਕਥਾਮ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇ ਅਸੀਂ ਸਿਸਟਮ ਨੂੰ ਜਵਾਬਦੇਹ ਬਣਾ ਕੇ ਅਜਿਹੀਆਂ ਦੁਰਘਟਨਾਵਾਂ ਨੂੰ ਰੋਕਣ ਵੱਲ ਕਦਮ ਵਧਾਈਏ, ਤਾਂ ਇਹੀ ਮਰਹੂਮ ਰਾਜਵੀਰ ਜਵੰਦਾ ਲਈ ਸੱਚੀ ਸ਼ਰਧਾਂਜਲੀ ਹੋਵੇਗੀ -ਕਾਂਗਰਸ ਵਿਧਾਇਕ ਪ੍ਰਗਟ ਸਿੰਘ
ਬਹੁਤ ਹੀ ਵੱਡਾ ਘਾਟਾ ਪਿਆ, ਸ਼ਾਇਦ ਸਾਡੀਆਂ ਅਰਦਾਸਾਂ 'ਚ ਕੋਈ ਕਮੀ ਰਹਿ ਗਈ :ਬੀ.ਐਨ. ਸ਼ਰਮਾ
ਰਾਜਵੀਰ ਸਰੀਰਕ ਤੌਰ 'ਤੇ ਸਾਡੇ ਨਾਲ ਨਹੀਂ ਰਿਹਾ ਪਰ ਗੀਤਾਂ ਦੇ ਜ਼ਰੀਏ ਉਹ ਹਮੇਸ਼ਾ ਸਾਡੇ ਨਾਲ ਹੈ। ਤੁਸੀਂ ਸਾਡੇ ਦਿਲਾਂ ਵਿੱਚ ਧੜਕਦੇ ਰਹੋਗੇ: ਕਲਾਕਾਰ ਕਰਮਜੀਤ ਅਨਮੋਲ