ਤਰਨ ਤਾਰਨ ਪੁਲਿਸ ਨੇ 16 ਕਿਲੋ ਹੈਰੋਇਨ ਸਮੇਤ 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 80 ਕਰੋੜ ਦੇ ਕਰੀਬ
ਤਰਨਤਾਰਨ: ਤਰਨਤਾਰਨ ਪੁਲਿਸ ਵਲੋਂ ਵੱਡੀ ਕਾਰਵਾਈ ਕਰਦਿਆਂ ਸਰਹੱਦ ਪਾਸੋਂ ਨਸ਼ਾ ਤਸਕਰੀ ਵਿਚ ਸ਼ਾਮਿਲ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਵਾਂ ਤਸਕਰਾਂ ਕੋਲੋਂ ਪੁਲਿਸ ਨੇ 16 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 80 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਗ੍ਰਿਫ਼ਤਾਰ ਕੀਤੇ ਦੋਵਾਂ ਤਸਕਰਾਂ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਐਸ.ਐਸ.ਪੀ. ਰਵਜੋਤ ਗਰੇਵਾਲ ਨੇ ਦੱਸਿਆ ਕਿ ਐਸ.ਪੀ.ਡੀ. ਰਿਪੁਤਾਪਨ ਸਿੰਘ ਤੇ ਡੀ.ਐਸ.ਪੀ. ਡੀ. ਸੁਖਬੀਰ ਸਿੰਘ ਦੀ ਅਗਵਾਈ ਵਿਚ ਨਸ਼ੇ ’ਤੇ ਕਾਬੂ ਪਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਸਨ, ਜਿਸ ਤਹਿਤ ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਤਰਨਤਾਰਨ ਅਤੇ ਉਨ੍ਹਾਂ ਦੀ ਟੀਮ ਇਲਾਕੇ ਵਿਚ ਸੀ ਕਿ ਤਕਨੀਕੀ ਇੰਟੈਲੀਜੈਂਸ ਅਤੇ ਹਿਊਮਨ ਇੰਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਮਨਪ੍ਰੀਤ ਸਿੰਘ ਉਰਫ ਮੰਨੂ ਪੁੱਤਰ ਅਜੀਤ ਸਿੰਘ ਵਾਸੀ ਵਾਰਡ ਨੰਬਰ 1 ਛੀਨਾ ਮਾਨ ਪੱਤੀ ਰਈਆ ਜ਼ਿਲ੍ਹਾ ਅੰਮ੍ਰਿਤਸਰ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਕਸ਼ਮੀਰ ਸਿੰਘ ਵਾਸੀ ਧਿਆਨਪੁਰ ਜ਼ਿਲ੍ਹਾ ਅੰਮ੍ਰਿਤਸਰ ਦੇ ਪਾਕਿਸਤਾਨ ਦੇ ਸਮਗੱਲਰਾਂ ਨਾਲ ਸੰਬੰਧ ਹਨ, ਜੋ ਪਾਕਿਸਤਾਨ ਦੇ ਸਮੱਗਲਰਾਂ ਨਾਲ ਤਾਲਮੇਲ ਕਰਕੇ ਭਾਰਤ-ਪਾਕਿਸਤਾਨ ਬਾਰਡਰ ਤੋਂ ਵੱਖ-ਵੱਖ ਤਰੀਕਿਆਂ ਰਾਹੀਂ ਹੈਰੋਇਨ ਦੀਆਂ ਵੱਡੀਆਂ ਖੇਪਾਂ ਮੰਗਵਾ ਕੇ ਤਰਨਤਾਰਨ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਪਲਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਤਾ ਲੱਗਾ ਹੈ ਕਿ ਇਹ ਤਸਕਰ ਅੱਜ ਵੀ ਆਪਣੀ ਗੱਡੀ ਸਵਿਫਟ ’ਤੇ ਸਵਾਰ ਹੋ ਕੇ ਹੈਰੋਇਨ ਦੀ ਵੱਡੀ ਖੇਪ ਦੀ ਸਪਲਾਈ ਕਰਨ ਲਈ ਜ਼ਿਲ੍ਹਾ ਤਰਨਤਾਰਨ ਵੱਲ ਨੂੰ ਆ ਰਹੇ ਹਨ, ਜਿਸ ਤਹਿਤ ਸੀ.ਆਈ.ਏ. ਸਟਾਫ਼ ਤਰਨਤਾਰਨ ਦੀ ਟੀਮ ਨੇ ਨਾਕਾਬੰਦੀ ਦੌਰਾਨ ਡੀ.ਐਸ.ਪੀ. ਡੀ. ਸੁਖਬੀਰ ਸਿੰਘ ਦੀ ਹਾਜ਼ਰੀ ਵਿਚ ਮਨਪ੍ਰੀਤ ਸਿੰਘ ਉਰਫ ਮੰਨੂੰ ਪੁੱਤਰ ਅਜੀਤ ਸਿੰਘ ਵਾਸੀ ਵਾਰਡ ਨੰਬਰ 1 ਛੀਨਾ ਮਾਨ ਪੱਤੀ ਰਈਆ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਕਸ਼ਮੀਰ ਸਿੰਘ ਵਾਸੀ ਧਿਆਨਪੁਰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਕੁੱਲ 16 ਕਿੱਲੋ ਹੈਰੋਇਨ ਅਤੇ 1 ਸਵਿਫਟ ਗੱਡੀ ਬਰਾਮਦ ਕੀਤੀ ਹੈ।
ਐਸ.ਐਸ.ਪੀ. ਗਰੇਵਾਲ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਤਸਕਰਾਂ ਦੇ ਪਾਕਿਸਤਾਨ ਦੇ ਸਮੱਗਲਰਾਂ ਨਾਲ ਸੰਬੰਧ ਹਨ ਅਤੇ ਇਹ ਤਸਕਰ ਪਾਕਿਸਤਾਨ ਦੇ ਸਮੱਗਲਰਾਂ ਨਾਲ ਤਾਲ-ਮੇਲ ਕਰਕੇ ਭਾਰਤ-ਪਾਕਿਸਤਾਨ ਬਾਰਡਰ ਤੋਂ ਵੱਖ ਵੱਖ ਤਰੀਕਿਆ ਰਾਹੀਂ ਹੈਰੋਇਨ ਦੀਆ ਖੇਪਾਂ ਮੰਗਵਾ ਕੇ ਤਰਨਤਾਰਨ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਗ੍ਰਿਫ਼ਤਾਰ ਕੀਤੇ ਤਸਕਰਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਰਿਮਾਂਡ ਦੌਰਾਨ ਇਨ੍ਹਾਂ ਪਾਸੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਨ੍ਹਾਂ ਨੇ ਇਹ ਹੈਰੋਇਨ ਦੀ ਖੇਪ ਕਿਥੋਂ ਲਿਆਂਦੀ ਅਤੇ ਕਿਸ ਨੂੰ ਦੇਣੀ ਸੀ।